OpinionD5 special

ਰਾਜਬੀਰ ਮੱਤਾ ਦਾ ਕਾਵਿ ਸੰਗ੍ਰਹਿ ‘ਅੱਖ਼ਰਾਂ ਦੀ ਡਾਰ’ ਮੁਹੱਬਤ ਵਿੱਚ ਲਪੇਟੀ ਸਮਾਜਿਕਤਾ

(ਉਜਾਗਰ ਸਿੰਘ) : ਰਾਜਬੀਰ ਮੱਤਾ ਦੇ ਪਲੇਠੇ ਕਾਵਿ ਸੰਗ੍ਰਹਿ ਅੱਖਰਾਂ ਦੀ ਡਾਰ ਦੀਆਂ ਕਵਿਤਾਵਾਂ ਇਸ਼ਕ ਮੁਹੱਬਤ ਦੀਆਂ ਬਾਤਾਂ ਪਾਉਂਦੀਆਂ ਹੋਈਆਂ ਸਮਾਜਕ ਤਾਣੇ ਬਾਣੇ ਵਿੱਚ ਆਈ ਗਿਰਾਵਟ ਦਾ ਪ੍ਰਗਟਾਵਾ ਕਰ ਰਹੀਆਂ ਹਨ। ਕਵੀ ਦੀ ਕਮਾਲ ਇਸ ਵਿੱਚ ਹੈ ਕਿ ਉਸਨੇ ਇਸ਼ਕ ਮੁਹੱਬਤ ਦੀਆਂ ਕਵਿਤਾਵਾਂ ਨੂੰ ਸਮਾਜਿਕ ਸਰੋਕਾਰਾਂ ਵਿੱਚ ਲਪੇਟਕੇ ਪੇਸ਼ ਕੀਤਾ ਹੈ। ਸ਼ਾਇਰ ਦੀਆਂ ਕਵਿਤਾਵਾਂ ਸਮਾਜ ਨੂੰ ਸੇਧ ਦੇਣ ਦਾ ਕੰਮ ਤਾਂ ਕਰਦੀਆਂ ਹਨ ਪ੍ਰੰਤੂ ਨਿਰਾ ਪ੍ਰਚਾਰ ਨਹੀਂ। ਕਵਿਤਾਵਾਂ ਰੁਮਾਂਸਵਾਦੀ ਹੋਣ ਦੇ ਬਾਵਜੂਦ ਅਰਥ ਭਰਪੂਰ ਹਨ। ਸਾਹਿਤਕ ਰਚਨਾਵਾਂ ਦਾ ਮੁੱਖ ਮੰਤਵ ਤਾਂ ਇਨਸਾਨੀਅਤ ਲਈ ਮਾਰਗ ਦਰਸ਼ਕ ਹੋਣਾ ਹੁੰਦਾ ਹੈ ਪ੍ਰੰਤੂ ਉਸਨੂੰ ਅਜਿਹੇ ਢੰਗ ਨਾਲ ਪ੍ਰਗਟਾਉਣਾ ਚਾਹੀਦਾ ਹੈ, ਜਿਸ ਨਾਲ ਪਾਠਕ ਦੀ ਦਿਲਚਸਪੀ ਅੱਗੇ ਪੜ੍ਹਨ ਲਈ ਬਰਕਰਾਰ ਰਹੇ। ਨਿਰੀਆਂ ਪਿਆਰ ਦੀਆਂ ਪੀਂਘਾਂ ਵਾਲੀਆਂ ਕਵਿਤਾਵਾਂ ਸਮਾਜ ਲਈ ਸੁਚੱਜੀ ਦਿਸ਼ਾ ਨਿਰਦੇਸ਼ ਨਹੀਂ ਦੇ ਸਕਦੀਆਂ। ਅਜਿਹੇ ਸਾਹਿਤ ਦੇ ਰੂਪ ਦਾ ਕੋਈ ਪਾਠਕ ‘ਤੇ ਸਾਰਥਿਕ ਪ੍ਰਭਾਵ ਨਹੀਂ ਪੈਂਦਾ ਜਿਹੜਾ ਆਮ ਲੋਕਾਂ ਦੇ ਹਿਤਾਂ ਤੇ ਪਹਿਰਾ ਨਾ ਦੇ ਸਕੇ।

ਰਾਜਬੀਰ ਮੱਤਾ ਦੀਆਂ ਕਵਿਤਾਵਾਂ ਸਮੁੱਚੇ ਰੂਪ ਵਿੱਚ ਸਮਾਜਿਕ ਸਾਰਥਿਕਤਾ ਵਾਲੀਆਂ ਹਨ। ਉਨ੍ਹਾਂ ਦੀਆਂ ਕੁਝ ਕਵਿਤਾਵਾਂ ਇਸਤਰੀ ਜਾਤੀ ‘ਤੇ ਹੋ ਰਹੇ ਸਮਾਜਿਕ ਅਤਿਆਚਾਰਾਂ ਦਾ ਬਾਖ਼ੂਬੀ ਨਾਲ ਪ੍ਰਗਟਾਵਾ ਵੀ ਕਰਦੀਆਂ ਹਨ। ਗ਼ਰੀਬੀ, ਕਾਰਪੋਰੇਟ ਦੀ ਲੁੱਟ, ਇਸਤਰੀਆਂ ਦੀ ਦੁਖਾਂ ਭਰੀ ਜ਼ਿੰਦਗੀ, ਧਾਰਮਿਕ ਕਟੜਤਾ ਆਦਿ ਰਾਜਬੀਰ ਮੱਤਾ ਦੀਆਂ ਕਵਿਤਾਵਾਂ ਦਾ ਵਿਸ਼ਾ ਬਣਦੇ ਹਨ। ਕਵੀ ਦੀਆਂ ਬਹੁਤੀਆਂ ਕਵਿਤਾਵਾਂ ਇਸ਼ਕ ਮੁਹੱਬਤ ਦੇ ਆਲੇ ਦੁਆਲੇ ਹੀ ਘੁੰਮਦੀਆਂ ਹਨ। ਰਾਜਬੀਰ ਮੱਤਾ ਕੁੜੀਆਂ ਨੂੰ ਕਵਿਤਾ ਦੇ ਸਮਾਨ ਸਮਝਦਾ ਹੈ ਕਿਉਂਕਿ ਕੁੜੀਆਂ ਪ੍ਰੇਮ, ਪਿਆਰ, ਮੁਹੱਬਤ ਅਤੇ ਇਸ਼ਕ ਦੀਆਂ ਭਾਵਨਾਵਾਂ ਵਿੱਚ ਗੜੂੰਦ ਹੁੰਦੀਆਂ ਹਨ। ਕੁੜੀਆਂ ਦਾ ਦੂਜਾ ਨਾਮ ਮੁਹੱਬਤ ਹੈ। ਉਹ ਕੁੜੀਆਂ ਅਤੇ ਮੁਹੱਬਤ ਨੂੰ ਇਕ ਸਿੱਕੇ ਦੇ ਦੋ ਪਾਸੇ ਕਹਿੰਦਾ ਹੈ। ਉਸਦੀ 72 ਪੰਨਿਆਂ ਦੀ ਪੁਸਤਕ ਅੱਖ਼ਰਾਂ ਦੀ ਡਾਰ ਵਿੱਚ 24 ਵੱਡੀਆਂ ਕਵਿਤਾਵਾਂ ਅਤੇ 72 ਲਘੂ ਨਜ਼ਮਾ ਹਨ। ਇਨ੍ਹਾਂ ਵਿੱਚੋਂ10 ਕਵਿਤਾਵਾਂ ਅਤੇ 42 ਨਜ਼ਮਾ ਮੁਹੱਬਤ ਨਲ ਸੰਬੰਧਤ ਹਨ।

ਕੁੜੀਆਂ ਕਵਿਤਾਵਾਂ, ਕਵਿਤਾ, ਖ਼ਾਮੋਸ਼ ਮੁਹੱਬਤ, ਕੁੜੀ ਮੁਹੱਬਤ ਵਰਗੀ, ਇਸ਼ਕ, ਮੁਹੱਬਤ ਆਸ ਪਾਸ ਹੈ, ਕਵਿਤਾ ਤੇ ਤੇਰਾ ਚੇਤੇ ਆਉਣਾ ਸਿਰਲੇਖ ਵਾਲੀਆਂ ਕਵਿਤਾਵਾਂ ਵਿੱਚ ਸ਼ਾਇਰ ਨੇ ਪਾਕਿ ਮੁਹੱਬਤ ਦਾ ਵਾਸਤਾ ਪਾਇਆ ਹੈ ਪ੍ਰੰਤੂ ਇਸਦੇ ਨਾਲ ਹੀ ਲੋਕ ਹਿਤਾਂ ‘ਤੇ ਪਹਿਰਾ ਵੀ ਦਿੱਤਾ ਹੈ। ਕਵੀ ਦੀਆਂ ਕਵਿਤਾਵਾਂ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਇਨਸਾਨੀ ਮਾਨਸਿਕਤਾ ਵਿੱਚ ਆਈ ਗਿਰਾਵਟ ਕਰਕੇ ਹੀ ਅਜੋਕੇ ਸਮੇਂ ਵਿੱਚ ਸੀਰਤ ਨਾਲੋਂ ਸਰੀਰਕ ਸੁੰਦਰਤਾ ਨੂੰ ਬਿਹਤਰ ਸਮਝਿਆ ਜਾਂਦਾ ਹੈ, ਜਿਸ ਵਜਾਹ ਕਰਕੇ ਮੁਹੱਬਤਾਂ ਕਰਨ ਵਾਲੇ ਸਰੀਰਕ ਪ੍ਰਾਪਤੀ ਲਈ ਤੜਪਦੇ ਰਹਿ ਜਾਂਦੇ ਹਨ। ਕਵੀ ਅਨੁਸਾਰ ਮੁਹੱਬਤ ਸਿਰਫ ਆਸ਼ਕ ਤੇ ਮਾਸ਼ੂਕ ਦਰਮਿਆਨ ਹੀ ਨਹੀਂ ਹੁੰਦੀ। ਮੁਹੱਬਤ ਦੇ ਅਨੇਕਾਂ ਰੰਗ ਹਨ। ਭੈਣ ਭਰਾ, ਮਾਂ ਪੁਤ, ਪਤੀ ਪਤਨੀ ਅਤੇ ਦੋਸਤ ਮਿੱਤਰ ਦੀ ਮਿੱਤਰਤਾ ਆਦਿ ਅਜਿਹੇ ਮੁਹੱਬਤੀ ਰਿਸ਼ਤੇ ਹਨ, ਜਿਨ੍ਹਾਂ ਕਰਕੇ ਸਮਾਜ ਦੀ ਨੀਂਹ ਮਜ਼ਬੂਤ ਹੁੰਦੀ ਹੈ। ਆਮ ਤੌਰ ‘ਤੇ ਮੁਹੱਬਤ ਦੇ ਅਰਥ ਗ਼ਲਤ ਕੱਢੇ ਜਾ ਰਹੇ ਹਨ। ਮੁਹੱਬਤ ਆਸ ਪਾਸ ਹੈ ਕਵਿਤਾ ਵਿੱਚ ਕਵੀ ਲਿਖਦਾ ਹੈ-

ਖਿੜਦੇ ਗੁਲਾਬਾਂ ਦੇ ਸੁਰਖ਼ ਫੁਲਾਂ ‘ਤੇ,

ਜਦ ਮਨਾਂ ਮੂੰਹੀਂ ਪਿਆਰ ਆਵੇ,

ਤਾਂ ਸਮਝੋ ਮੁਹੱਬਤ ਆਸ-ਪਾਸ ਹੈ।

ਵਗਦੀ ਹਵਾ ‘ਚ ਹੱਥ ਹਿਲਾਉਂਦਿਆਂ ਜਦ,

ਮਹਿਬੂਬ ਦਾ ਨਾਮ ਉਕਰ ਆਵੇ,

ਤਾਂ ਸਮਝੋ ਮੁਹੱਬਤ ਆਸ-ਪਾਸ ਹੈ।

ਇਸੇ ਤਰ੍ਹਾਂ ਪਾਕਿ ਪਿਆਰ ਮੁਹੱਬਤ ਨਾਲ ਸੰਬੰਧਤ ਕਵਿਤਾਵਾਂ ਤੋਂ ਕਵੀ ਦੀ ਪਿਆਰ ਬਾਰੇ ਦਿ੍ਰਸ਼ਟੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਖ਼ਾਮੋਸ਼ ਮੁਹੱਬਤ ਸਿਰਲੇਖ ਵਾਲੀ ਕਵਿਤਾ ਵਿੱਚ ਸ਼ਾਇਰ ਕਲਪਨਾ ਦੇ ਖੰਭਾਂ ਤੇ ਚੜ੍ਹਕੇ ਪਿਆਰ ਦਾ ਅਹਿਸਾਸ ਕਰਦਾ ਹੈ-

ਕਦੇ-ਕਦੇ, ਹੁਣ ਵੀ ਉਹ, ਮੇਰੇ ਨਾਲ-ਨਾਲ ਤੁਰਦੀ,

ਨਜ਼ਰ ਆਉਂਦੀ ਏ, ਤਾਰਿਆਂ ਦੀ ਛਾਵੇਂ, ਜਦ ਚੰਨ,

ਬਦਲਾਂ ‘ਚੋਂ ਨਿਕਲ ਮੁਸਕਰਾੳਂਦਾ ਏ।

ਰਾਜਬੀਰ ਮੱਤਾ ਇਕ ਹੋਰ ਛੋਟੀ ਨਜ਼ਮ ਵਿੱਚ ਪਵਿਤਰ ਪਿਆਰ ਦਾ ਇਜ਼ਹਾਰ ਕਰਦੇ ਹੋਏ ਲਿਖਦੇ ਹਨ-

ਖ਼ੁਸ਼ਕ ਹਵਾਵਾਂ ਦੇ, ਸੁੱਕੇ ਪੱਤਿਆਂ ਦੇ,

ਬਿਖੜੇ ਪੈਂਡਿਆਂ ਦੇ, ਉਡਦੇ ਰੇਤਿਆਂ ਦੇ,

ਸਹਿਕਦੇ ਸਾਹਾਂ ਦੇ, ਤਪਦੇ ਹੌਕਿਆਂ ਦੇ,

ਸੁੰਨਿਆਂ ਬੂਹਿਆਂ ਦੇ, ਰੋਂਦੇ ਜੁਗਨੂੰਆਂ ਦੇ,

ਹਾਣ ਦੀ ਹੋ ਗਈ ਆਂ ਮੈਂ, ਵੇ ਅੜਿਆ,

ਤੈਨੂੰ ਚੇਤੇ ਕਰਦੀ-ਕਰਦੀ।

ਸ਼ਾਇਰ ਦੀਆਂ ਇਸ਼ਕ ਮੁਹੱਬਤ ਦੀਆਂ ਕਵਿਤਾਵਾਂ ਦੇ ਰੰਗ ਸੁਰਖ਼ ਗੂੜ੍ਹੇ ਹਨ। ਉਨ੍ਹਾਂ ਦੀਆਂ ਕਵਿਤਾਵਾਂ ਰੰਗ ਵਿਰੰਗੀਆਂ ਹਨ। ਕਦੇ ਬਿਰਹਾ ਦੇ ਗੀਤ ਗਾਉਂਦੀਆਂ ਅਤੇ ਕਦੀਂ ਕਿਕਲੀ ਪਾਉਂਦੀਆਂ ਹਨ ਪ੍ਰੰਤੂ ਸਰੀਰਕ ਸੁੰਦਰਤਾ ਦੀ ਖਿਚ ਨੂੰ ਅੱਖੋਂ ਪ੍ਰੋਖੇ ਕਰਦੀਆਂ ਹੋਈਆਂ ਇਨਸਾਨੀ ਮਾਨਸਿਕਤਾ ਨੂੰ ਕੁਰੇਦਦੀਆਂ ਹਨ। ਪੈੜ ਸਿਰਲੇਖ ਵਾਲੀ ਕਵਿਤਾ ਦੀ ਸ਼ੈਲੀ ਅਤੇ ਭਾਵਨਾ ਨੂੰ ਸਮਝਣ ਦੀ ਲੋੜ ਹੈ, ਇਸ ਕਵਿਤਾ ਵਿੱਚ ਸਮਾਜਿਕ ਸਰੋਕਾਰਾਂ ਦੀ ਝਲਕ ਵੀ ਪੈਂਦੀ ਹੈ, ਜੋ ਪ੍ਰਤੀਕਾਤਮਿਕ ਢੰਗ ਨਾਲ ਇਸ਼ਾਰਾ ਕਰਦੀ ਹੈ-

ਚੁੱਪ ਦੇ ਸ਼ੋਰ ਦੀ, ਘਰ ਦੇ ਚੋਰ ਦੀ,

ਫ਼ਕੀਰ ਦੀ ਲੋਰ ਦੀ, ਕੋਈ ਪੈੜ ਨਹੀਂ ਹੁੰਦੀ।

ਸੱਜਰੇ ਚਾਵਾਂ ਦੀ, ਡੂੰਘੇ ਸਾਹਵਾਂ ਦੀ,

ਮਹਿਕਦੇ ਰਾਹਵਾਂ ਦੀ, ਗ਼ਮਾ ਤੇ ਚਾਵਾਂ ਦੀ।

ਵਗਦੇ ਪਾਣੀਆਂ ਦੀ, ਉਜੜੀਆਂ ਢਾਣੀਆਂ ਦੀ,

ਵਿਛੜੇ ਹਾਣੀਆਂ ਦੀ, ਨਦੀ ਦੇ ਮੁਹਾਣਿਆਂ ਦੀ।

ਨਸ਼ੇੜੀ ਗੁਰਦਿਆਂ ਦੀ, ਕਬਰਾਂ ਦੇ ਮੁਰਦਿਆਂ ਦੀ।

ਹਿਜ਼ਰ ‘ਚ ਭੁਰਦਿਆਂ ਦੀ, ਇਸ਼ਕ ਵਿੱਚ ਖੁਰਦਿਆਂ ਦੀ,

ਕੋਈ ਪੈੜ ਨਹੀਂ ਹੁੰਦੀ।

ਕੁੜੀ ਮੁਹੱਬਤ ਵਰਗੀ ਕਵਿਤਾ ਵਿੱਚ ਰਾਜਬੀਰ ਮੱਤਾ ਨੇ ਮੁਹੱਬਤ ਦਾ ਰੰਗ ਪੇਸ਼ ਕਰਦਿਆਂ ਕਮਾਲ ਦੀ ਪੇਂਡੂ ਸ਼ਬਦਾਵਲੀ ਵਰਤੀ ਹੈ।

ਗੁੰਮ ਹੈ ਕੁੜੀ ਮੁਹੱਬਤ ਵਰਗੀ, ਚੜ੍ਹਦਾ ਸੂਰਜ ਵੇਲਾ ਸਰਘੀ।

ਨੈਣਾਂ ਦੇ ਸੰਗ ਨੈਣ ਮਿਲਾਗੀ, ਸਾਹਾਂ ਦੇ ਵਿੱਚ ਸਾਹ ਭਰਗੀ।

ਅੱਕ ਕਕੜੀ ਦੇ ਫ਼ੰਬੇ ਵਾਂਗੂੰ, ਪਲ ਭਰ ਲਈ ਉਹ ਛਾਵਾਂ ਕਰਗੀ।

ਨਦੀ ਦੇ ਕੰਢੇ ‘ਤੇ ਜਿਉਂ ਆ ਕੇ, ਮੱਛਲੀ ਤੇਜ਼ ਧਰਾ ਤੋਂ ਡਰਗੀ।

ਕੁੜੀਆਂ ਅਤੇ ਕਵਿਤਾ ਨਾਲ ਸੰਬੰਧ ਉਸਦੀਆਂ ਕਈ ਕਵਿਤਾਵਾਂ ਹਨ। ‘ਕੁੜੀਆਂ ਕਵਿਤਾਵਾਂ’ ਸਿਰਲੇਖ ਵਾਲੀ ਕਵਿਤਾ ਵਿੱਚ ਸ਼ਾਇਰ ਦਰਸਾਉਂਦਾ ਹੈ ਕਿ ਸਮਾਜ ਕੁੜੀਆਂ ਦੀਆਂ ਭਾਵਨਾਵਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਉਨ੍ਹਾਂ ਨੂੰ ਪਣਪਣ ਅਤੇ ਵਿਕਸਤ ਹੋਣ ਨਹੀਂ ਦਿੰਦਾ। ਉਨ੍ਹਾਂ ਦੇ ਮਨਾਂ ਵਿੱਚ ਅਨੇਕਾਂ ਇਛਾਵਾਂ ਅਤੇ ਦਬਾਆ ਹੁੰਦੇ ਹਨ ਪ੍ਰੰਤੂ ਉਹ ਆਪਣੀਆਂ ਭਾਵਨਵਾਂ ਦਾ ਪ੍ਰਗਟਾਵਾ ਨਹੀਂ ਕਰ ਸਕਦੀਆਂ। ਉਹ ਪਿਤਾ ਦੀ ਪਗੜੀ ਦੀ ਖ਼ਾਤਰ ਆਪਣੀਆਂ ਭਾਵਨਾਵਾਂ ਦਾ ਕਤਲ ਕਰ ਲੈਂਦੀਆਂ ਹਨ। ਕਿੰਨਾ ਕੁ ਨੇੜੇ ਹਾਂ ਕਵਿਤਾ ਵਿੱਚ ਧਾਰਮਿਕ ਕਟੜਤਾ ਬਾਰੇ ਕਵੀ ਲਿਖਦਾ ਹੈ ਕਿ ਸਮਾਜ ਗੁਰੂ ਨਾਨਕ ਦੀ ਵਿਚਾਰਧਾਰਾ ਤੋਂ ਮੁੱਖ ਮੋੜਕੇ ਗ਼ਲਤ ਰਸਤੇ ਪੈ ਗਿਆ ਹੈ। ਨਦੀ ਤੋਂ ਖੇਤਾਂ ਤੀਕ ਕਵਿਤਾ ਵਿਚ ਕਵੀ ਕਿਸਾਨੀ ਅਤੇ ਖੇਤ ਮਜ਼ਦੂਰਾਂ ਦੀ ਤ੍ਰਾਸਦੀ ਦਾ ਪ੍ਰਗਟਾਵਾ ਕਰਦਾ ਹੈ। ਸਾਡੀ ਕਵਿਤਾ ਵਿਚ ਕਾਰਪੋਰੇਟ ਸੈਕਟਰ ਦੇ ਆ ਜਾਣ ਨਾਲ ਕਿਸਾਨਾ, ਮਜ਼ਦੂਰਾਂ ਅਤੇ ਛੋਟੇ ਵਿਓਪਾਰੀਆਂ ਦੇ ਹੋਣ ਵਾਲੇ ਨੁਕਸਾਨ ਦਾ ਜ਼ਿਕਰ ਕਰਦਾ ਚਿੰਤਾ ਦਾ ਪ੍ਰਗਟਾਵਾ ਕਰਦਾ ਹੈ।

ਆਥਣ ਨੂੰ ਸੌ ਖੇਤ ਗਾਹ ਆਉਂਦੀ ਏ, ਪਕੌੜਿਆਂ ਲਈ ਰੋਂਦੇ ਨਿਆਣਿਆਂ ਦੇ।

ਪਾਟੇ ਝੱਗਿਆਂ ‘ਚੋਂ, ਲਾਲੇ ਦੀ ਤਕੜੀ ਵਿਚਦੀ, ਹੁੰਦੀ ਹੋਈ, ਪਹੁੰਚ ਜਾਂਦੀ ਏ।

ਰੋਡੂ ਕੀ ਚੱਕੀ ‘ਤੇ, ਆਟਾ ਬਣਨ ਲਈ, ਤੇ ਅਗਲੇ ਦਿਨ ਫੇਰ,

ਲਾਲੇ ਦੀ ਹੱਟੀ ‘ਤੇ ਆ। ਸਾਡੀਆਂ ਝੋਲੀਆਂ ‘ਚ ਪੈ ਜਾਂਦੀ ਏ।

ਸਾਡੇ ਸਾਹਾਂ ਦਾ ਸਾਹ ਹੁੰਦੀ, ਸਾਡੇ ਲਹੂ ‘ਚ ਰਚ ਜਾਂਦੀ ਏ।

ਢੋਆ ਕਵਿਤਾ ਵਿੱਚ ਫਿਰ ਕਿਰਤੀ ਤੇ ਕਿਸਾਨ ਦੀ ਜਦੋਜਹਿਦ ਦੀ ਕਹਾਣੀ ਦਰਸਾਉਂਦੀ ਹੈ-

ਅਸੀਂ ਕੰਮੀਆਂ ਦੇ ਵੰਸ਼ਜ, ਤੇ ਕੰਮੀਆਂ ਦੇ ਜਾਏ, ਤੇ ਸ਼ਾਇਦ।

ਇਹ ਕਿਰਤ ਹੀ ਸਾਡੀ, ਹੋਂਦ ਦਾ ਕਾਰਨ ਬਣੀ ਏ, ਅਸੀਂ ਉਂਜ ਤਾਂ।

ਅੰਨਾਂ ਦੇ ਦਾਤੇ ਕਹਾਉਂਦੇ ਹਾਂ, ਪਰ ਸਾਡੇ ਢਿਡਾਂ ਨੂੰ ਤਾਂ,

ਧੁਰ ਤੋਂ ਹੀ ਗੰਢਾਂ ਵੱਜੀਆਂ ਨੇ, ਕੀੜੇ-ਮਕੌੜਿਆਂ ਵਾਂਗ,

ਤੇ ਬਸ ਸਾਰੀ ਉਮਰ ਪੀੜ੍ਹੀ ਦਰ ਪੀੜ੍ਹੀ  ?

ਰਾਜਬੀਰ ਮੱਤਾ ਇਨਸਾਨ ਦੀ ਜ਼ਿੰਦਗੀ ਵਿੱਚ ਕੀਤੀ ਜਾਣ ਵਾਲੀ ਜਦੋਜਹਿਦ ਅਤੇ ਰਸਸਤੇ ਵਿੱਚ ਰੋੜੇ ਅਟਕਾਉਣ ਵਾਲਿਆਂ ਨੂੰ ਸਫਲਤਾ ਪ੍ਰਾਪਤ ਕਰਨ ਲਈ ਸਹਾਈ ਹੋਣ ਦਾ ਦਰਜਾ ਦਿੰਦਾ ਹੋਇਆ ਲਿਖਦਾ ਹੈ-

ਮੈਂ ਹਮੇਸ਼ਾ ਹੀ, ਰਾਹ ਦੇ ਉਨ੍ਹਾਂ ਰੋੜਿਆਂ ਦਾ,

ਰਿਣੀ ਰਹਾਂਗਾ, ਜੋ ਮੇਰੀ ਮੰਜ਼ਿਲ ਲਈ,

ਨੀਂਹ ਪੱਥਰ ਦਾ ਕੰਮ ਕਰਦੇ ਹਨ।

ਉਮੀਦ ਕੀਤੀ ਜਾ ਸਕਦੀ ਹੈ ਕਿ ਰਾਜਬੀਰ ਮੱਤਾ ਭਵਿਖ ਵਿੱਚ ਹੋਰ ਵਧੇਰੇ ਲੋਕ ਹਿਤਾਂ ਤੇ ਪਹਿਰਾ ਦੇਣ ਵਾਲੀਆਂ ਕਵਿਤਾਵਾਂ ਲਿਖਣ ਵਿੱਚ ਸਫਲਤਾ ਪ੍ਰਾਪਤ ਕਰੇਗਾ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਮੋਬਾਈਲ-94178 13072

ujagarsingh48@yahoo.com

2 15

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button