DIASPORA DIALOUGE

ਮਿੱਠੇ ਚੌਲਾਂ ਦਾ ਵਿਸ਼ਵ-ਗੁਰੂ, ਇਕ ਪੰਜਾਬੀ : ਪ੍ਰੋ: ਖੁਸ਼

ਅਮਰਜੀਤ ਸਿੰਘ ਵੜੈਚ (94178-01988) 

ਦੁਨੀਆਂ ਦੇ 60 ਫ਼ੀਸਦ ਚਾਵਲ ਪੈਦਾ ਕਰਨ ਵਾਲੇ ਦੇਸ਼ ਭਾਰਤ ਦੇ ਅੰਤਰਰਾਸ਼ਟਰੀ ਵਿਗਿਆਨੀ ਦੁਆਰਾ ਚੌਲਾਂ ਦੀਆਂ ਵਿਕਸਤ ਕਿਸਮਾਂ ਬੀਜ ਰਹੇ ਹਨ…ਜੀ ਹਾਂ ਇਹ ਮਹਾਨ ਪੰਜਾਬੀ ਹੈ ਜਲੰਧਰ ਦੇ ਪਿੰਡ ਰੁੜਕੀ ਦਾ ਜੰਮ ਪਲ ਪ੍ਰੋ: ਗੁਰਦੇਵ ਸਿੰਘ ਖੁਸ਼ ! ਦੁਨੀਆਂ ਦੀ ਅੱਧੀ ਤੋਂ ਵੱਧ ਆਬਾਦੀ ਅੱਜ ਵੀ ਪ੍ਰੋ: ਖੁਸ਼ ਦੀਆਂ ਉੱਨਤ ਕੀਤੀਆਂ ਕਿਸਮਾਂ ਦੇ ਮਿੱਠੇ ਚੌਲ ਖਾ ਰਹੀ ਹੈ। ਪ੍ਰੋ:ਖੁਸ਼ ਦੁਨੀਆਂ ਦਾ ਇੱਕੋ ਇੱਕ ਖੇਤੀ ਵਿਗਿਆਨੀ (Plant Breeding & Genetics) ਹੈ ਜਿਸ ਨੂੰ ਸਭ ਤੋਂ ਵੱਧ ਅੰਤਰਰਾਸ਼ਟਰੀ ਸਨਮਾਨਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਪ੍ਰੋ: ਖੁਸ਼ ਨੇ ਚੌਲਾਂ ਦੀਆਂ 300 ਤੋਂ ਵੱਧ ਉੱਨਤ ਕਿਸਮਾਂ ਤਿਆਰ ਕੀਤੀਆਂ। ਇਨ੍ਹਾਂ ਕਿਸਮਾਂ ਤੋਂ ਪਹਿਲਾਂ ਚੌਲਾਂ ਦੀਆਂ ਕਿਸਮਾਂ ਤੋਂ ਪ੍ਰਤੀ ਏਕੜ 10-12 ਕੁਵਿੰਟਲ ਝਾੜ ਨਿਕਲਦਾ ਸੀ ਪਰ ਪ੍ਰੋ: ਖੁਸ਼ ਦੀਆਂ ਕਿਸਮਾਂ ਨਾਲ ਇਹ 40 ਕੁਵਿੰਟਲ ਤੱਕ ਪਹੁੰਚ ਗਿਆ।

ਇਥੇ ਹੀ ਬਸ ਨਹੀਂ ਇਨ੍ਹਾਂ ਕਿਸਮਾਂ ਦੇ ਪੱਕਣ ਦਾ ਸਮਾਂ ਛੇ ਮਹੀਨੇ ਤੋਂ ਵੀ ਘੱਟ ਗਿਆ, ਲੰਬਾਈ ਘੱਟ ਗਈ, ਇਹ ਕਿਸਮਾਂ ਖਾਧਾਂ ਨੂੰ ਜ਼ਿਆਦਾ ਮੰਨਣ ਲੱਗੀਆਂ ਅਤੇ ਇਨ੍ਹਾਂ ਵਿੱਚ ਵਿਸ਼ਵ ਸਿਹਤ ਸੰਸਥਾ ਦੁਆਰਾ ਨਿਰਧਾਰਤ ਤੱਤਾਂ ਦੇ ਪੈਮਾਨਿਆਂ ਅਨੁਸਾਰ ਤੱਤਾਂ ਦੀ ਮਾਤਰਾ ਵੀ ਵੱਧ ਗਈ। ਪ੍ਰੋ: ਖੁਸ਼ ਨੂੰ ਇਹ ਮਾਣ ਹਾਸਲ ਹੈ ਕਿ ਉਨ੍ਹਾਂ ਦੀਆਂ ਚੌਲਾਂ ਦੀਆਂ ਵਿਕਸਤ ਕਿਸਮਾਂ ਨੇ ਦੁਨੀਆਂ ਦੀ ਵੱਡੀ ਆਬਾਦੀ ਨੂੰ ਭੁੱਖਮਰੀ ਤੋਂ ਬਚਾ ਲਿਆ। ਪ੍ਰੋ: ਖੁਸ਼ ਨੇ ਇਹ ਸਾਬਤ ਕਰ ਦਿੱੱਤਾ ਕਿ ਪੰਜਾਬੀ ‘ਰੱਜ ਕੇ ਵਾਹ ਤੇ ਦੱਬ ਕੇ ਖਾ ‘  ‘ਚ ਹੀ ਸਿਰਫ਼ ਮੋਹਰੀ ਨਹੀਂ ਉਹ ਦੁਨੀਆਂ ਨੂੰ ਖੇਤੀ ਵਿਗਿਆਨ ਵਿੱਚ ਵੀ ਲੀਡਰਸ਼ਿਪ ਦੇਣ ਵਾਲੇ ਹਨ। ਇਸ ਲੜੀ ‘ਚ ਹੋਰ ਵੀ ਕਈ ਨਾਮ ਹਨ : ਡਾ: ਰਤਨ ਲਾਲ, ਪ੍ਰੋ: ਮਨਜੀਤ ਸਿੰਘ ਕੰਗ, ਡਾ: ਖੇਮ ਸਿੰਘ ਗਿੱਲ, ਡਾ: ਸਰਦਾਰਾ ਸਿੰਘ ਜੌਹਲ, ਡਾ: ਦਿਲਬਾਗ ਸਿੰਘ ਅਟਵਾਲ, ਡਾ: ਜੀ ਐੱਸ ਕਾਲਕਟ ਆਦਿ।

ਪ੍ਰੋ: ਖੁਸ਼ ਨੂੰ ਸੰਯੁਕਤ ਰਾਸ਼ਟਰ ਦੀ ਵਿਸ਼ਵ ਖੁਰਾਕ ਸੰਸਥਾ ਨੇ 1996 ਵਿੱਚ ਵਰਲਡ ਫੂਡ ਪਰਾਈਜ਼ ਨਾਲ ਸਨਮਾਨਿਤ ਕੀਤਾ। ਇਹ ਪਰਾਈਜ਼ ਖੁਰਾਕ ਦੇ ਖੇਤਰ ਵਿੱਚ ਦਿਤਾ ਜਾਣ ਵਾਲ਼ਾ ਦੁਨੀਆਂ ਦਾ ਸਰਵਉੱਚ ਸਨਮਾਨ ਹੈ। ਜਾਪਾਨ, ਚੀਨ, ਇਜ਼ਰਾਈਲ, ਅਮਰੀਕਾ, ਇੰਗਲੈਂਡ, ਫਿਲਪੀਨਜ਼ ਆਦਿ ਮੁਲਕਾਂ ਨੇ ਪ੍ਰੋ: ਖੁਸ਼ ਨੂੰ ਆਪਣੇ-ਆਪਣੇ ਮੁਲਕਾਂ ਵਿੱਚ ਆਲਮੀ ਸਨਮਾਨਾਂ ਨਾਲ ਨਿਵਾਜ਼ਿਆ ਹੈ। ਭਾਰਤ ਨੇ ਪ੍ਰੋ: ਖੁਸ਼ ਨੂੰ 2000 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ।

ਪ੍ਰੋ: ਖੁਸ਼ ਨੇ 1955 ਵਿੱਚ ਪੰਜਾਬ ਐਗਰੀਕਲਚਰ ਕਾਲਜ਼, ਲੁਧਿਆਣਾ (ਹੁਣ ਯੁਨੀਵਰਸਿਟੀ) ਤੋਂ ਬੀ ਐੱਸ ਸੀ ਕੀਤੀ ਅਤੇ ਫਿਰ ਰਿਸ਼ਤੇਦਾਰਾਂ ਦੀ ਮਦਦ ਨਾਲ ਇੰਗਲੈਂਡ ਲਈ ਜਹਾਜ਼ ਦੀਆਂ ਟਿਕਟਾਂ ਲਈ ਲਏ ਪੈਸਿਆਂ ਨਾਲ ਇੰਗਲੈਂਡ ਪਹੁੰਚ ਗਏ। ਉਥੋਂ ਫਿਰ ਅਮਰੀਕਾ ਦੇ ਕੈਲੀਫੋਰਨੀਆ ਪਹੁੰਚ ਪੀਐੱਚ ਡੀ ਕੀਤੀ। ਉਥੇ ਸੱਤ ਸਾਲ ਟਮਾਟਰਾਂ ‘ਤੇ ਖੋਜ ਕੀਤੀ ਅਤੇ ਫਿਰ 1972 ਵਿੱਚ ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ, ਫ਼ਿਲਪੀਨਜ਼ (IRRI) ਵਿੱਚ ਬਤੌਰ ਹੈੱਡ ਆਫ ਪਲਾਂਟ ਬਰੀਡਿੰਗ ਆ ਗਏ।

ਇਥੇ ਹੀ ਪ੍ਰੋ: ਖੁਸ਼ ਨੇ ਚੌਲਾਂ ਦੀਆਂ  ਨਵੀਆਂ  ਉਨੱਤ ਕਿਸਮਾਂ ਤਿਆਰ ਕੀਤੀਆਂ ਜਿਨ੍ਹਾਂ ਨੂੰ ਅੱਜ ਪੂਰੀ ਦੁਨੀਆਂ ਵਿੱਚ ਬੀਜਿਆ ਜਾ ਰਿਹਾ ਹੈ। ਪ੍ਰੋ: ਖੁਸ਼ ਨੇ ਇਥੇ 30 ਸਾਲ ਖੋਜ ਕੀਤੀ ਅਤੇ ਇਥੋਂ ਅਪ੍ਰੈਲ 2002 ਵਿੱਚ ਬਤੌਰ ਪ੍ਰਿੰਸੀਪਲ ਪਲਾਂਟ ਬਰੀਡਰ ਐਂਡ ਹੈੱਡ ਆਫ ਡਵੀਜ਼ਨ ਆਫ ਪਲਾਂਟ ਬਰੀਡਿੰਗ ਜੈਨੇਟਿਕਸ ਐਂਡ ਬਾਇਓਕਸਿਟਰੀ ਸੇਵਾ ਮੁਕਤ ਹੋਏ। ਅਗਸਤ 22, 1935 ਨੂੰ ਪੈਦਾ ਹੋਏ ਪ੍ਰੋ: ਖੁਸ਼ ਇਸ ਵਰ੍ਹੇ 87 ਵਰ੍ਹਿਆਂ ਦੇ ਹੋ ਜਾਣਗੇ ਅਤੇ ਅੱਜ-ਕੱਲ੍ਹ ਅਮਰੀਕਾ ਵਿੱਚ ਰਹਿ ਰਹੇ ਹਨ ਅਤੇ ਕਦੇ ਕਦੇ ਪੰਜਾਬ ਵੀ ਆਉਂਦੇ ਹਨ।

ਅਦਾਰਾ ਡੀ5 ਚੈਨਲ ਪੰਜਾਬੀ  ਪ੍ਰੋ: ਖੁਸ਼ ਦੀ ਚੰਗੀ ਸਿਹਤ ਅਤੇ ਲੰਮੀ ਉਮਰ ਲਈ ਅਰਦਾਸ ਕਰਦਾ ਹੈ ਤਾਂ ਕਿ ਉਹ ਦੁਨੀਆਂ ਨੂੰ ਅਗਵਾਈ ਦਿੰਦੇ ਰਹਿਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button