Breaking NewsD5 specialNewsPunjabTop News

ਪਰਗਟ ਸਿੰਘ ਵੱਲੋਂ ਉਚੇਰੀ ਸਿੱਖਿਆ ਨੂੰ ਉਤਸ਼ਾਹਤ ਕਰਨ ਲਈ ਵਿਆਪਕ ਖਾਕਾ ਉਲੀਕਣ ‘ਤੇ ਜ਼ੋਰ

ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਨੇ ਜ਼ਮੀਨੀ ਹਕੀਕਤਾਂ ਜਾਣਨ ਲਈ ਉਚ ਅਧਿਕਾਰੀਆਂ ਤੇ ਉੱਘੇ ਅਕਾਦਮਿਕ ਮਾਹਿਰਾਂ ਨਾਲ ਕੀਤੀ ਮੀਟਿੰਗ

ਉਚੇਰੀ ਸਿੱਖਿਆ ਖੇਤਰ ਸਬੰਧੀ ਮੁੱਦਿਆਂ ਨੂੰ ਸੁਲਝਾਉਣ ਲਈ ਇੱਕ ਕਮੇਟੀ ਅਤੇ ਕਈ ਉਪ ਕਮੇਟੀਆਂ ਬਣਾਉਣ ਦਾ ਦਿੱਤਾ ਸੁਝਾਅ

ਸਰਕਾਰੀ ਕਾਲਜਾਂ ਵਿੱਚ ਖਾਲੀ ਪਈਆਂ ਅਸਾਮੀਆਂ ਜਲਦ ਭਰੀਆਂ ਜਾਣਗੀਆਂ : ਪਰਗਟ ਸਿੰਘ

ਸਿੱਖਿਆ ਸਾਸ਼ਤਰੀਆਂ ਨੇ ਮਿਆਰੀ ਸਿੱਖਿਆ ਨੂੰ ਹੁਲਾਰਾ ਦੇਣ ਲਈ ਚੰਗੇ ਤਨਖਾਹ ਪੈਕੇਜਾਂ ਨਾਲ ਟੀਚਿੰਗ ਕਾਡਰ ਨੂੰ ਸੰਤੁਸ਼ਟ ਕਰਨ ‘ਤੇ ਦਿੱਤਾ ਜ਼ੋਰ

ਹੁਨਰ-ਅਧਾਰਤ ਸਿਲੇਬਸ ਅਤੇ ਉਦਯੋਗਾਂ ਦੀ ਮੰਗ ਅਨੁਸਾਰ ਕੋਰਸ ਸ਼ੁਰੂ ਕਰਨ ਦੀ ਮਹੱਤਤਾ ਨੂੰ ਕੀਤਾ ਉਜਾਗਰ

ਚੰਡੀਗੜ੍ਹ : ਉਚੇਰੀ ਸਿੱਖਿਆ ਖੇਤਰ ਵਿੱਚ ਸੇਵਾ ਨਿਭਾਅ ਰਹੇ ਸਿੱਖਿਆ ਸ਼ਾਸਤਰੀਆਂ ਤੋਂ ਜ਼ਮੀਨੀ ਹਕੀਕਤਾਂ ਸਬੰਧੀ ਫੀਡਬੈਕ ਲੈਣ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਸ. ਪਰਗਟ ਸਿੰਘ ਨੇ ਕਿਹਾ ਹੈ ਕਿ ਉੱਚ ਸਿੱਖਿਆ ਨੂੰ ਹੁਲਾਰਾ ਦੇਣ ਲਈ ਵਿਆਪਕ ਖਾਕਾ ਉਲੀਕਣ ਦੀ ਬਹੁਤ ਲੋੜ ਹੈ। ਇਸ ਕੰਮ ਲਈ ਅਕਾਦਮਿਕ ਖੇਤਰ ਦੇ ਉੱਘੇ ਮਾਹਿਰਾਂ ਤੇ ਸਿੱਖਿਆ ਸ਼ਾਸਤਰੀਆਂ ਨਾਲ ਨਿਰੰਤਰ ਗੱਲਬਾਤ ਕਰਨ ਵਾਸਤੇ ਇੱਕ ਪ੍ਰਕਿਰਿਆ ਵਿਕਸਤ ਕੀਤੀ ਜਾਣੀ ਚਾਹੀਦੀ ਹੈ। ਉਚੇਰੀ ਸਿੱਖਿਆ ਮੰਤਰੀ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਸ. ਪਰਗਟ ਸਿੰਘ ਨੇ ਇਸ ਤਰਜ਼ ‘ਤੇ ਪ੍ਰਮੁੱਖ ਸਿੱਖਿਆ ਸ਼ਾਸਤਰੀਆਂ ਨਾਲ ਪਹਿਲੀ ਮੀਟਿੰਗ ਪੰਜਾਬ ਭਵਨ, ਚੰਡੀਗੜ੍ਹ ਵਿਖੇ ਕੀਤੀ।

BIG NEWS ਡੇਰਾ ਮੁਖੀ ਰਾਮ ਰਹੀਮ ਨਾਲ ਜੁੜੀ ਵੱਡੀ ਖ਼ਬਰ, ਵਧੀਆਂ ਮੁਸ਼ਕਲਾਂ ! ਹਰਿਆਣਾ ‘ਚ ਅਲਰਟ ! D5 Channel Punjabi

ਇਸ ਮੀਟਿੰਗ ਵਿੱਚ ਸੂਬੇ ਦੇ ਯੂਨੀਵਰਸਿਟੀਆਂ ਦੇ ਸਾਬਕਾ ਅਤੇ ਮੌਜੂਦਾ ਉਪ ਕੁਲਪਤੀਆਂ, ਪ੍ਰੋ ਚਾਂਸਲਰਾਂ, ਪ੍ਰਿੰਸੀਪਲਾਂ ਅਤੇ ਅਧਿਆਪਕਾਂ ਸਮੇਤ ਲਗਭਗ 30 ਸਿੱਖਿਆ ਸ਼ਾਸਤਰੀਆਂ ਵੱਲੋਂ ਉੱਚ ਸਿੱਖਿਆ ਦੇ ਪੱਧਰ ਨੂੰ ਭਵਿੱਖ ਵਿੱਚ ਹੋਰ ਉੱਚਾ ਚੁੱਕਣ ਅਤੇ ਪੰਜਾਬ ਨੂੰ ਉੱਚ ਸਿੱਖਿਆ ਦੇ ਖੇਤਰ ਵਿੱਚ ਅਗਲੇ ਪੱਧਰ ‘ਤੇ ਲਿਜਾਣ ਲਈ ਲੋੜੀਂਦੇ ਕਦਮਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।ਮੀਟਿੰਗ ਵਿੱਚ ਉਚੇਰੀ ਸਿੱਖਿਆ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ, ਡੀਪੀਆਈ (ਕਾਲਜਾਂ) ਸ੍ਰੀ ਪਰਮਜੀਤ ਸਿੰਘ ਅਤੇ ਸਹਾਇਕ ਡਾਇਰੈਕਟਰ (ਕਾਲਜ ਸਿੱਖਿਆ) ਡਾ. ਗੁਰਦਰਸ਼ਨ ਬਰਾੜ ਵੀ ਹਾਜ਼ਰ ਸਨ। ਆਪਣੇ ਸ਼ੁਰੂਆਤ ਸੰਬੋਧਨ ਵਿੱਚ ਸ. ਪਰਗਟ ਸਿੰਘ ਨੇ ਕਿਹਾ ਕਿ ਉਚੇਰੀ ਸਿੱਖਿਆ ਵਿਦਿਆਰਥੀਆਂ ਦੇ ਜੀਵਨ ਦਾ ਬਹੁਤ ਮਹੱਤਵਪੂਰਨ ਹਿੱਸਾ ਹੈ ਜੋ ਸਿੱਧਾ ਨੌਜਵਾਨਾਂ ਨਾਲ ਜੁੜਿਆ ਜਿਨ੍ਹਾਂ ਨੇ ਦੇਸ਼ ਦੀ ਵਾਗਡੋਰ ਸੰਭਾਲਣੀ ਹੈ।

ਕਾਲਜ ਸਿੱਖਿਆ ਪ੍ਰਣਾਲੀ ਨੂੰ ਮੌਜੂਦਾ ਨੌਜਵਾਨਾਂ ਦੀਆਂ ਇੱਛਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੂੰ ਸਮਾਜ ਦੇ ਜ਼ਿੰਮੇਵਾਰ ਨਾਗਰਿਕ ਬਣਾਉਣ ਦੇ ਨਾਲ ਨਾਲ ਉਨ੍ਹਾਂ ਨੂੰ ਰੋਜ਼ਗਾਰ ਦੇ ਯੋਗ ਬਣਾਉਣ ਲਈ ਲੋੜੀਂਦੇ ਹੁਨਰਾਂ ਨਾਲ ਲੈਸ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਟੀਚੇ ਨੂੰ ਹਾਸਲ ਕਰਨ ਲਈ ਛੋਟੇ ਸਮੇਂ ਅਤੇ ਲੰਬੇ ਸਮੇਂ ਦੀ ਯੋਜਨਾਵਾਂ ਤਿਆਰ ਕਰਨ ਦੀ ਸਖ਼ਤ ਲੋੜ ਹੈ। ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਸਰਕਾਰੀ ਕਾਲਜਾਂ ਵਿੱਚ ਭਰਤੀ ਨੂੰ ਲੈ ਕੇ ਬਹੁਤ ਗੰਭੀਰ ਹੈ ਅਤੇ ਜਲਦ ਹੀ ਕਾਲਜਾਂ ਵਿੱਚ ਖਾਲੀ ਪਈਆਂ ਅਸਾਮੀਆਂ ਭਰ ਦਿੱਤੀਆਂ ਜਾਣਗੀਆਂ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਸਾਰੇ ਸਬੰਧਤ ਲੋਕਾਂ ਨੂੰ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦੇ ਰਹਿਣਗੇ ਤਾਂ ਜੋ ਉੱਚ ਸਿੱਖਿਆ ਅਤੇ ਖੋਜ ‘ਤੇ ਖਰਚ ਨੂੰ ਵਧਾਇਆ ਜਾ ਸਕੇ।

ਉੱਚ ਸਿੱਖਿਆ ਖੇਤਰ ਲਈ ਰੋਡਮੈਪ ਦੇ ਵਿਕਾਸ ਵਾਸਤੇ ਤਾਲਮੇਲ ਬਣਾਉਣ ਲਈ ਸ. ਪਰਗਟ ਸਿੰਘ ਨੇ ਉੱਚ ਸਿੱਖਿਆ ਖੇਤਰ ਵਿੱਚ ਵੱਖ-ਵੱਖ ਮੁੱਦਿਆਂ ਦੇ ਹੱਲ ਲਈ ਇੱਕ ਕਮੇਟੀ ਅਤੇ ਕਈ ਉਪ-ਕਮੇਟੀਆਂ ਬਣਾਉਣ ਦਾ ਸੁਝਾਅ ਵੀ ਦਿੱਤਾ। ਤਿੰਨ ਘੰਟਿਆਂ ਤੋਂ ਵੱਧ ਚੱਲੇ ਇਸ ਸੈਸ਼ਨ ਵਿੱਚ ਮੌਜੂਦ ਸਾਰੇ ਮਾਹਿਰਾਂ ਅਤੇ ਹੋਰਨਾਂ ਵੱਲੋਂ ਇਸ ਸੈਸ਼ਨ ਦੀ ਬਹੁਤ ਸ਼ਲਾਘਾ ਕੀਤੀ ਗਈ। ਗੁਰੂ ਨਾਨਕ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਅਤੇ ਉੱਘੇ ਸਿੱਖਿਆ ਸ਼ਾਸਤਰੀ ਡਾ. ਐਸ. ਪੀ. ਸਿੰਘ ਨੇ ਆਪਣੇ ਕਾਡਰ ਤੋਂ ਸੰਤੁਸ਼ਟ ਹੋਣ ਦੀ ਮਹੱਤਤਾ ‘ਤੇ ਚਾਨਣਾ ਪਾਇਆ ਅਤੇ ਦੱਸਿਆ ਕਿ ਮੌਜੂਦਾ ਸਮੇਂ ਉੱਚ ਯੋਗਤਾ ਪ੍ਰਾਪਤ ਅਧਿਆਪਕਾਂ ਨੂੰ ਬਹੁਤ ਘੱਟ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨਾਲ ਵਧੀਆ ਵਿਵਹਾਰ ਵੀ ਨਹੀਂ ਕੀਤਾ ਜਾ ਰਿਹਾ ਅਤੇ ਇਸ ਤਰ੍ਹਾਂ ਅਧਿਆਪਨ ਮਹਿਜ਼ ਇੱਕ ਪੇਸ਼ਾ ਬਣ ਗਿਆ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਅਧਿਆਪਕਾਂ ਅਤੇ ਅਧਿਆਪਨ ਦੇ ਕਿੱਤੇ ਨੂੰ ਪਹਿਲੇ ਦਰਜੇ ਦੀ ਚੋਣ ਬਣਾਉਣ ਲਈ ਇਸ ਨੂੰ ਸੁਰਜੀਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਯੂ.ਜੀ.ਸੀ. ਦੇ ਤਨਖਾਹ ਸਕੇਲ ਬਿਨਾਂ ਕਿਸੇ ਦੇਰੀ ਦੇ ਤੁਰੰਤ ਲਾਗੂ ਕੀਤੇ ਜਾਣੇ ਚਾਹੀਦੇ ਹਨ।

ਮੀਟਿੰਗ ਵਿੱਚ ਹਿੱਸਾ ਲੈਣ ਵਾਲੇ ਕਰੀਬ ਸਾਰੇ ਅਕਾਦਮਿਕ ਮਾਹਿਰਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਰਕਾਰੀ ਕਾਲਜਾਂ ਵਿੱਚ ਖਾਲੀ ਅਸਾਮੀਆਂ ਨੂੰ ਜਿੰਨਾ ਜਲਦ ਸੰਭਵ ਹੋ ਸਕੇ, ਪਾਰਦਰਸ਼ੀ ਢੰਗ ਨਾਲ ਭਰਿਆ ਜਾਣਾ ਚਾਹੀਦਾ ਹੈ ਤਾਂ ਜੋ ਉੱਚ ਯੋਗਤਾ ਵਾਲੇ ਰੈਗੂਲਰ ਅਧਿਆਪਕਾਂ ਦੀ ਭਰਤੀ ਕੀਤੀ ਜਾ ਸਕੇ। ਏਡਿਡ ਕਾਲਜਾਂ ਦੇ ਨੁਮਾਇੰਦਿਆਂ ਨੇ ਸਰਕਾਰ ਨੂੰ ਇਹ ਵੀ ਬੇਨਤੀ ਕੀਤੀ ਕਿ ਏਡਿਡ ਕਾਲਜਾਂ ਵਿੱਚ ਉਨ੍ਹਾਂ ਦੀ ਜ਼ਰੂਰਤ ਮੁਤਾਬਕ ਅਧਿਆਪਕਾਂ ਦੀ ਨਿਯਮਤ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਜਾਵੇ। ਇੱਕ ਮੈਨੇਜਮੈਂਟ ਅਤੇ ਸੂਬੇ ਵਿੱਚ ਮਨਜ਼ੂਰਸ਼ੁਦਾ ਅਸਾਮੀਆਂ ਨੂੰ ਇੱਕ ਕਾਲਜ ਤੋਂ ਦੂਜੇ ਕਾਲਜ ਵਿੱਚ ਤਬਦੀਲ ਕਰਨ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ ਤਾਂ  ਜੋ ਮਨੁੱਖੀ ਸਰੋਤਾਂ ਦਾ ਬਿਹਤਰ ਪ੍ਰਬੰਧਨ ਕੀਤਾ ਜਾ ਸਕੇ। ਇਸ ਦੇ ਨਾਲ ਹੀ ਕੰਮ ਦੇ ਬੋਝ ਨੂੰ ਧਿਆਨ ਵਿੱਚ ਰੱਖਦਿਆਂ ਪੋਸਟਾਂ ਦੀ ਨਿਯਮਿਤ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ।

ਮਾਹਿਰਾਂ ਨੇ ਐਨ.ਸੀ.ਸੀ. ਨੂੰ ਇੱਕ ਵਿਸ਼ੇ ਵਜੋਂ ਸ਼ੁਰੂ ਕਰਨ ਅਤੇ ਸਿੱਖਿਆ ਨੂੰ ਹੁਨਰ ਅਧਾਰਤ ਬਣਾਉਣ ਦੀ ਇੱਛਾ ਵੀ ਜ਼ਾਹਰ ਕੀਤੀ। ਇਸ ਦਿਸ਼ਾ ਵਿੱਚ ਉਦਯੋਗਿਕ ਅਕਾਦਮਿਕ ਸੰਚਾਰ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ ਗਿਆ। ਇਸੇ ਤਰ੍ਹਾਂ ਸਿੱਖਿਆ ਸਾਸ਼ਤਰੀਆਂ ਵੱਲੋਂ ਥੋੜੇਂ ਸਮੇਂ ਲਈ ਸਰਟੀਫਿਕੇਟ ਕੋਰਸ, ਅਧਿਆਪਕਾਂ ਲਈ ਐਕਸਚੇਂਜ ਪ੍ਰੋਗਰਾਮ ਅਤੇ ਕੈਰੀਅਰ ਕਾਊਂਸਲਿੰਗ ਸ਼ੁਰੂ ਕਰਨ, ਸੂਬੇ ਭਰ ਵਿੱਚ ਇਕੋ ਸਿਲੇਬਸ/ਯੋਗਤਾ ਦੇ ਮਾਪਦੰਡ, ਅੰਤਰ ਯੂਨੀਵਰਸਿਟੀ ਤਾਲਮੇਲ ਕਮੇਟੀਆਂ ਬਣਾਉਣ, ਰਿਸੋਰਸ ਪੂਲਿੰਗ ਅਤੇ ਸੈਕਟਰ ਸਕਿੱਲ ਕੌਂਸਲ ਬਣਾਉਣ ਦਾ ਸਮਰਥਨ ਵੀ ਕੀਤਾ ਗਿਆ।

ਪ੍ਰਾਈਵੇਟ ਕਾਲਜਾਂ ਵੱਲੋਂ ਅਪਣਾਏ ਜਾ ਰਹੇ ਗਲਤ ਢੰਗਾਂ ਨੂੰ ਵੀ ਪ੍ਰਮੁੱਖਤਾ ਨਾਲ ਉਭਾਰਿਆ ਗਿਆ। ਇਹ ਧਿਆਨ ਦਿਵਾਇਆ ਗਿਆ ਕਿ ਵੱਡੀ ਗਿਣਤੀ ਵਿੱਚ ਪ੍ਰਾਈਵੇਟ ਕਾਲਜ ਖਾਸ ਕਰਕੇ ਐਜੂਕੇਸ਼ਨ ਕਾਲਜ ਸਿਰਫ਼ ਵਿਦਿਆਰਥੀਆਂ ਨੂੰ ਦਾਖਲ ਕਰਨ ਬਾਰੇ ਖੁੱਲ੍ਹ ਕੇ ਇਸ਼ਤਿਹਾਰ ਦੇ ਰਹੇ ਹਨ, ਉਨ੍ਹਾਂ ਦਾ ਇਸ ਵੱਲ ਕੋਈ ਧਿਆਨ ਨਹੀਂ ਕਿ ਵਿਦਿਆਰਥੀ ਨਿਯਮਤ ਆਧਾਰ ‘ਤੇ ਕਾਲਜ ਵੀ ਜਾਣ। ਉਚੇਰੀ ਸਿੱਖਿਆ ਮੰਤਰੀ ਵੱਲੋਂ ਸਕੱਤਰ ਨੂੰ ਅਜਿਹੀਆਂ ਸੰਸਥਾਵਾਂ ਉਤੇ ਤੁਰੰਤ ਕਾਰਵਾਈ ਕਰਨ ਲਈ ਕਿਹਾ ਗਿਆ। ਇਸ ਮੌਕੇ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਸਿੱਖਿਆ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਕਰਨ ਦੀ ਪਹਿਲ ਕਰਨ ਲਈ ਉਚੇਰੀ ਸਿੱਖਿਆ ਮੰਤਰੀ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਸਾਰੇ ਭਾਗੀਦਾਰਾਂ ਦੇ ਸਹਿਯੋਗ ਨਾਲ ਉੱਚ ਸਿੱਖਿਆ ਦੇ ਖੇਤਰ ਨੂੰ ਸੁਰਜੀਤ ਕਰਨ ਲਈ ਸਾਰੇ ਲੋੜੀਂਦੇ ਕਦਮ ਚੁੱਕੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਮੀਟਿੰਗ ਵਿੱਚ ਕਈ ਨਵੇਂ ਵਿਚਾਰ ਰੱਖੇ ਗਏ ਹਨ ਜਿਨ੍ਹਾਂ ‘ਤੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਨੇ ਇਸ ਨੇਕ ਕਾਰਜ ਲਈ ਆਪਣਾ ਕੀਮਤੀ ਸਮਾਂ ਦੇਣ ਅਤੇ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਇਸ ਮੀਟਿੰਗ ਵਿੱਚ ਆਉਣ ਲਈ ਸਾਰੇ ਭਾਗੀਦਾਰਾਂ ਦਾ ਧੰਨਵਾਦ ਵੀ ਕੀਤਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button