WORLD WALK

ਜੈਵਿਕ ਖੇਤੀ ਤੇ ਸਬਸਿਡੀਆਂ ਨੇ ਉਜਾੜਤਾ ਸ੍ਰੀਲੰਕਾ !

ਅਮਰਜੀਤ ਸਿੰਘ ਵੜੈਚ (94178-01988) 

ਸ੍ਰੀਲੰਕਾ ‘ਚ ਮਹਿੰਗਾਈ ਨੇ ਲੋਕਾਂ ਨੂੰ ਸੜਕਾਂ ‘ਤੇ ਆਉਣ ਲਈ ਮਜਬੂਰ ਕਰ ਦਿੱਤਾ ਹੈ। ਲੋਕਾਂ ਨੇ ਸਾਰਾ ਦੇਸ਼ ਹਿਲਾ ਕੇ ਰੱਖ ਦਿਤਾ ਹੈ। ਅੱਗਾਂ ਲਾਈਆਂ ਜਾ ਰਹੀਆਂ ਨੇ, ਪੁਲਿਸ ਅਤੇ ਫੌਜ ਵੀ ਬੇਵੱਸ ਹੈ, ਪ੍ਰਧਾਨ-ਮੰਤਰੀ ਮਹਿੰਦਾ ਰਾਜਪਕਸੇ ਅਸਤੀਫ਼ਾ ਦੇ ਕਿ ਪਰਿਵਾਰ ਸਮੇਤ ਫੌਜ ਦੀ ਪਨਾਹ ਵਿੱਚ ਜਾ ਬੈਠਾ ਹੈ, ਦੇਸ਼ ਦਾ ਰਾਸ਼ਟਰਪਤੀ ਮਹਿੰਦਾ ਦਾ ਛੋਟਾ ਭਰਾ ਹੈ। ਲੋਕ ਉਸ ਤੋਂ ਵੀ ਅਸਤੀਫ਼ਾ ਮੰਗ ਰਹੇ ਹਨ, ਪੈ ਜਾਂਦੇ ਜਦ ਅੱਕੇ ਲੋਕ ਬੰਬ ਬੰਦੂਕਾਂ ਸਕਣ ਨਾ ਰੋਕ, ਸ੍ਰੀਲੰਕਾ ਨੇ ਇਸ ਕਹਾਵਤ ਨੂੰ ਅਮਲੀ ਰੂਪ ਦੇ ਦਿੱਤਾ ਹੈ।

ਸ੍ਰੀਲੰਕਾ ਦੇ ਮੌਜੂਦਾ ਸੰਕਟ ਦਾ ਕਾਰਨ ਹੈ ਲੋਕਾਂ ਨੂੰ ਲੌਲੀ ਪੌਪ ਦੇ ਕੇ ਸੱਤਾ ਹਾਸਿਲ ਕਰਨੀ, ਮੌਜੂਦਾ ਰਾਸ਼ਟਰਪਤੀ ਗੋਟਾਬਾਇਆ ਰਾਜਾਪਕਸਾ ਨੇ 2019 ਦੀਆਂ ਚੋਣਾਂ ਸਮੇਂ ਲੋਕਾਂ ਨਾਲ ਟੈਕਸਾਂ ਵਿੱਚ ਛੋਟ ਦੇਣ ਦਾ ਵਾਅਦਾ ਕੀਤਾ ਸੀ। ਚੋਣਾਂ ਜਿੱਤਣ ਮਗਰੋਂ ਲੋਕਾਂ ਅਤੇ ਕਾਰਪੋਰੇਟ ਜਗਤ ਨੂੰ ਟੈਕਸਾਂ ਵਿੱਚ ਬਹੁਤ ਰਿਆਇਤਾਂ ਦਿੱਤੀਆਂ ਗਈਆਂ ਜਿਸ ਨਾਲ ਦੇਸ਼ ਦੀ ਆਰਥਿਕਤਾ ਨੂੰ ਤਗੜਾ ਝਟਕਾ ਲੱਗਾ। ਦੂਜੇ ਪਾਸੇ 2020 ਵਿੱਚ ਮਹਾਂਮਾਰੀ ਨੇ ਦੇਸ਼ ਦੇ ਸੈਰ-ਸਪਾਟੇ ਦੇ ਸਾਹ ਸੂਤ ਲਏ ਜਿਸ ‘ਤੇ ਸ੍ਰੀਲੰਕਾ ਦੀ ਸਭ ਤੋਂ ਵੱਧ ਟੇਕ ਸੀ।

ਰਾਸ਼ਟਰਪਤੀ ਨੇ ਇਕ ਹੋਰ, ਦੇਸ਼ ਮਾਰੂ ਫੈਸਲਾ 2019 ‘ਚ ਸੱਤਾ ‘ਤੇ ਕਬਜ਼ਾ ਕਰਦਿਆਂ ਹੀ ਲਿਆ, ਦੇਸ਼ ਵਿੱਚ ਕਿਸਾਨਾਂ ਨੂੰ ਸਿਰਫ ਕੁਦਰਤੀ ਖੇਤੀ ਕਰਨ ਦੇ ਹੁਕਮ ਦੇ ਦਿੱਤੇ ਅਤੇ ਵਿਦੇਸ਼ਾਂ ‘ਚੋਂ ਰਸਾਇਣਕ ਖਾਧਾਂ ਅਤੇ ਖੇਤੀ ਦਵਾਈਆਂ ‘ਤੇ ਪਾਬੰਦੀ ਲਾ ਦਿੱਤੀ। ਇੰਜ ਇੱਕ ਸਾਲ ਬਾਅਦ ਹੀ ਦੇਸ਼ ਦੇ ਖੇਤੀ ਉਤਪਾਦਨ ਵਿੱਚ ਭਾਰੀ ਗਿਰਾਵਟ ਆ ਗਈ, ਚੌਲਾਂ ਦੀ ਖੇਤੀ 20 ਫ਼ੀਸਦ ਹੇਠਾਂ ਆ ਗਈ, ਇਸੇ ਤਰ੍ਹਾਂ ਚਾਹ,ਰਬੜ ਅਤੇ ਨਾਰੀਅਲ ਦੀਆਂ ਫ਼ਸਲਾਂ ਦਾ ਉਤਪਾਦਨ ਡਿੱਗ ਪਿਆ। ਸਰਕਾਰ ਨੇ ਕਿਸਾਨਾਂ ਦਾ ਘਾਟਾ ਪੂਰਾ ਕਰਨ ਲਈ ਸਬਸਿਡੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਵਿਦੇਸ਼ਾਂ ਵਿੱਚੋਂ ਆਉਣ ਵਾਲੀਆਂ ਚੀਜ਼ਾ ਮਹਿੰਗੀਆਂ ਪੈਣ ਕਰਕੇ ਸਰਕਾਰ ਨੇ ਜ਼ਰੂਰੀ ਵਸਤਾਂ ਆਯਾਤ ਕਰਨ ‘ਤੇ ਹੱਥ ਖਿਚ ਲਏ ਅਤੇ ਦੇਸ਼ ਵਿੱਚ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਦੇ ਰੇਟ ਤਾਂ ਬੇਤਹਾਸ਼ਾ ਵਧੇ ਹੀ ਨਾਲ ਦੀ ਨਾl ਪੂਰਤੀ ਵੀ ਅਟਕਣ ਲੱਗੀ, ਸਿੱਟੇ ਵਜੋਂ ਲੋਕਾਂ ਦਾ ਸਬਰ ਟੁੱਟ ਗਿਆ।

ਅੱਜ ਸਥਿਤੀ ਇਹ ਹੈ ਕਿ ਪੂਰੇ ਸ੍ਰੀਲੰਕਾ ਵਿੱਚ ਕਰਫ਼ਿਊ ਲਾ ਦਿੱਤਾ ਗਿਆ ਹੈ ਪਰ ਲੋਕ ਫਿਰ ਵੀ ਰੋਕੇ ਨਹੀਂ ਰੁਕ ਰਹੇ, ਮਹਿੰਦਾ ਰਾਜਾਪਕਸੇ ਕੋਲ ਬੇਸ਼ੁਮਾਰ ਦੌਲਤ ਹੈ ਆਪਣੇ ਹੈਲੀਕੌਪਟਰ ਹਨ। ਮਹਿੰਦਾ ਪਹਿਲਾਂ 2005 ਤੋਂ 15 ਤੱਕ ਰਾਸ਼ਟਰਪਤੀ ਰਹਿ ਚੁੱਕੇ ਹਨ ਅਤੇ 2019 ‘ਚ ਪ੍ਰਧਾਨ-ਮੰਤਰੀ ਬਣੇ। ਹੁਣ ਭਰਾ ਰਾਸ਼ਟਰਪਤੀ ਹੈ। ਲੋਕਾਂ ਨੇ ਪਕਸੇ ਦੇ ਜੱਦੀ ਘਰ ਸਮੇਤ ਕਈ ਸਿਆਸਤਦਾਨਾਂ ਅਤੇ ਅਫ਼ਸਰਾਂ ਦੇ ਘਰ ਸਾੜ ਦਿੱਤੇ ਹਨ। ਇਕ ਸਾਂਸਦ ਵੀ ਹਿੰਸਾ ਵਿੱਚ ਮਾਰਿਆ ਗਿਆ ਹੈ।

ਸ੍ਰੀਲੰਕਾ ਦੇ ਮੌਜੂਦਾ ਸੰਕਟ ਦੀ ਸ਼ੁਰੂਆਤ ਦੇਸ਼ ਦੀਆਂ ਮਜ਼ਦੂਰ ਜਥੇਬੰਦੀਆਂ ਨੇ ਕੀਤੀ ਸੀ ਜਿਸ ਵਿੱਚ ਦੇਸ਼ ਦੇ ਨੌਕਰਸ਼ਾਹ ਵੀ ਸ਼ਾਮਿਲ ਹੋ ਗਏ ਹਨ। ਸ੍ਰੀਲੰਕਾ ਦੇ ਸੰਕਟ ਵਿੱਚ ਰੂਸ ਵੱਲੋਂ ਯੂਕਰੇਨ ‘ਤੇ ਹਮਲੇ ਨੇ ਵੀ ਬਲਦੀ ‘ਤੇ ਤੇਲ ਵਾਲਾ ਕੰਮ ਕੀਤਾ। ਮੌਜੂਦਾ ਸਮੇਂ ਸ੍ਰੀ ਲੰਕਾ ਦੀ ਵਿੱਤੀ ਹਾਲਤ ਬਹੁਤ ਹੀ ਤਰਸਯੋਗ ਹੈ ਜਿਸ ਦਾ ਹੱਲ ਸਿਰਫ਼ ਅੰਤਰਰਾਸ਼ਟਰੀ ਪੱਧਰ ‘ਤੇ ਹੀ ਨਿਕਲ ਸਕੇਗਾ ਅਤੇ ਭਾਰਤ ਇਸ ਵਿੱਚ ਵੱਧ ਰੋਲ ਅਦਾ ਕਰੇਗਾ। ਭਾਰਤ ਪਹਿਲਾਂ ਹੀ ਸ੍ਰੀਲੰਕਾ ਨੂੰ ਵੱਡੀ ਪੱਧਰ ‘ਤੇ ਸਹਾਇਤਾ ਮੁਹੱਈਆ ਕਰਵਾ ਰਿਹਾ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button