InternationalTop News
ਜਿੱਥੇ ਹੋਏਗੀ ਅੱਖ..ਸਮਝੋ ਉਂਗਲ ਹੋ ਗਈ ਰੱਖ
‘ਵਿਜ਼ਨ ਪ੍ਰੋ’ ਦੀ ਸਕਰੀਨ ਉਤੇ ਜਿੱਥੇ ਟਿਕੀਆਂ ਹੋਣਗੀਆਂ ਅੱਖਾਂ ਉਥੇ ਉਂਗਲਾਂ ਦੀ ਹਰਕਤ ਨਾਲ ਹੋਵੇਗਾ ਕਲਿੱਕ
ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ): ਤਕਨਾਲੋਜੀ ਦੇ ਵਿਚ ਇਕ ਨਵਾਂ ਅਧਿਆਏ ਸ਼ੁਰੂ ਹੋਣ ਜਾ ਰਿਹਾ ਹੈ। ਇਸਦੀ ਇਕ ਝਲਕ ਐਪਲ ਕੰਪਨੀ ਵੱਲੋਂ ਦਿਖਾ ਦਿੱਤੀ ਗਈ ਹੈ। ਅਗਲੇ ਸਾਲ ਅਮਰੀਕਾ ਦੇ ਵਿਚ ਮਿਲਣ ਵਾਲੀ ਨਵੀਂ ਡਿਵਾਈਸ ਜਿਸ ਨੂੰ ‘ਵਿਜ਼ਨ ਪ੍ਰੋ’ ਦਾ ਨਾਂਅ ਦਿੱਤਾ ਗਿਆ ਹੈ, ਅੱਖਾਂ ਉਤੇ ਪਹਿਨੀ ਜਾਣ ਵਾਲੀ ਛੋਟੀ ਸਕਰੀਨ ਹੈ। ਇਹ ਇਸ ਤਰ੍ਹਾਂ ਦੀ ਹੈ ਜਿਵੇਂ ਅੱਖਾਂ ਦੀ ਸੁਰੱਖਿਆ ਲਈ ਵੱਖ-ਵੱਖ ਕੰਮਾਂ ਵਿਚ ਵਰਤੀ ਜਾਂਦੀ ‘ਆਈ ਸ਼ੀਲਡ’ ਹੋਵੇ। ਐਪਲ ਕੰਪਨੀ ਦਾ ਇਹ ਪਹਿਲਾ ਮਿਕਸਡ ਰਿਐਲਟੀ ਹੈਡਸੈਟ ‘ਵਿਜ਼ਨ ਪ੍ਰੋ’ ਹੈ। ਇਸਦੀ ਕੀਮਤ 3499 ਅਮਰੀਕੀ ਡਾਲਰ ਹੋਵੇਗੀ। ਇਹ ਡਿਵਾਈਸ ਅਗਲੇ ਸਾਲ ਦੇ ਸ਼ੁਰੂ ਵਿਚ ਸਿਰਫ ਅਮਰੀਕਾ ਵਿਚ ਪਹਿਲਾਂ ਮਿਲਣੀ ਸ਼ੁਰੂ ਹੋਵੇਗੀ। ਇਸ ਹੈਡਸੈਟ ਨੂੰ ਅੱਖਾਂ ਦੀ ਰੈਟੀਨਾ, ਹੱਥਾਂ ਦੀ ਹਰਕਤ ਨਾਲ ਅਤੇ ਆਵਾਜ਼ ਦੇ ਨਾਲ ਚਲਾਇਆ ਜਾ ਸਕੇਗਾ।
ਇਸ ਨੂੰ ਬਨਾਉਣ ਲਈ ਕੰਪਨੀ ਨੂੰ 7 ਸਾਲਾਂ ਦਾ ਸਮਾਂ ਲੱਗਾ ਹੈ। ਐਪਲ ਸੀ.ਈ.ਓ ਸ੍ਰੀ ਟਿਮ ਕੁੱਕ ਨੇ ‘ਐਪਲ ਵਿਜ਼ਨ ਪ੍ਰੋ’ ਨੂੰ ਨਵੀਂ ਸ਼ੁਰੂਆਤ ਦੱਸਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ‘ਵਿਜ਼ਨ ਪ੍ਰੋ’ ਨੂੰ ਪਹਿਨਣ ਤੋਂ ਬਾਅਦ, ਉਪਭੋਗਤਾ ਇੱਕ ਵਰਚੁਅਲ ਸਪੇਸ ਵਿੱਚ ਆਪਣੀਆਂ ਫੋਟੋਆਂ ਅਤੇ ਵੀਡੀਓਜ਼ ਨੂੰ ਸਕ੍ਰੌਲ ਕਰ ਸਕਣਗੇ। ਇਸ ‘ਵਿਜ਼ਨ ਪ੍ਰੋ’ ਦੀ ਬੈਟਰੀ 2 ਘੰਟੇ ਤੱਕ ਕੰਮ ਕਰੇਗੀ। 23 ਮਿਲੀਅਨ ਪਿਕਸਲ ਵਾਲੀ ਉਚਤਮਾ ਤੁਹਾਨੂੰ ਵੇਖਣ ਨੂੰ ਮਿਲੇਗੀ ਅਤੇ ਫੋਰ-ਕੇ ਸਕਰੀਨ ਹੋਵੇਗੀ। ਇਸ ਉਤੇ ਵੇਖਣ ਲਈ ਤੁਹਾਨੂੰ ਵੱਡੀ ਸਕਰੀਨ ਵਾਂਗ ਹੀ ਲੱਗੇਗਾ ਅਤੇ 3-ਡੀ ਫਿਲਮਾਂ ਵੀ ਵੇਖੀਆਂ ਜਾ ਸਕਣਗੀਆਂ। ਇਸ ਵਿਚ 5 ਸੈਂਸਰ, 6 ਮਾਈਕ੍ਰੋਫੋਨ ਅਤੇ 12 ਕੈਮਰੇ ਲੱਗੇ ਹਨ ਜਿਹੜੇ ਤੁਹਾਡੀ ਪਹਿਚਾਣ ਵੀ ਕਰ ਸਕਣਗੇ ਤਾਂ ਕਿ ਸੁਰੱਖਿਆ ਵੀ ਬਣੀ ਰਹੇ। ਦੋ ਕੈਮਰੇ ਤੁਹਾਡੇ ਹੱਥਾਂ ਦੀ ਹਿਲਜੁਲ ਦਾ ਧਿਆਨ ਰੱਖਣਗੇ ਤਾਂ ਕਿ ਜਦੋਂ ਤੁਸੀਂ ਕਲਿੱਕ ਕਰਨਾ ਹੋਵੇ ਤਾਂ ਸਿਸਟਮ ਨੂੰ ਕਮਾਂਡ ਭੇਜ ਸਕਣ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.