InternationalTop News
ਚੱਲਿਆ ਹੈ ਜਹਾਜ਼: ਕੀ ਚੱਲੇਗਾ ਸਿੱਧਾ ਜਹਾਜ਼?
ਨਿਊਜ਼ੀਲੈਂਡ ਵਪਾਰ ਮੰਤਰੀ, ਔਕਲੈਂਡ ਮੇਅਰ, ਕਾਰੋਬਾਰੀ ਅਤੇ ਭਾਰਤੀ ਦਲ ਨਾਲ ਜਾ ਰਹੇ ਨੇ ਇੰਡੀਆ
ਰਘਬੀਰ ਸਿੰਘ ਜੇ.ਪੀ., ਤੀਰਥ ਅਟਵਾਲ, ਗੁਰਜਿੰਦਰ ਘੁੰਮਣ ਤੇ ਪੰਕਜ਼ ਗੁਪਤਾ ਮੇਅਰ ਵੇਨ ਬਰਾਉਨ ਨੂੰ ਲਿਜਾਉਣਗੇ ਪੰਜਾਬ ਅਤੇ ਸ੍ਰੀ ਦਰਬਾਰ ਸਾਹਿਬ
ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ): ਨਿਊਜ਼ੀਲੈਂਡ ਤੋਂ ਇਕ ਸਥਾਪਿਤ ਵੱਖ-ਵੱਖ ਕਾਰੋਬਾਰੀਆਂ ਦਾ ਇਕ ਸਮੂਹ, ਦੇਸ਼ ਦੇ ਵਪਾਰ ਅਤੇ ਨਿਰਯਾਤ ਵਿਕਾਸ ਮੰਤਰੀ ਸ੍ਰੀ ਡੈਮੀਅਨ ਓ’ਕੋਨਰ ਅਤੇ ਔਕਲੈਂਡ ਸੁਪਰ ਸਿਟੀ ਦੇ ਮੇਅਰ ਸ੍ਰੀ ਵੇਨ ਬ੍ਰਾਉਨ ਭਾਰਤ ਜਾ ਰਹੇ ਹਨ। ਲਗਪਗ 50 ਵਿਅਕਤੀ ਦਾ ਇਹ ਗਰੁੱਪ ਜਿਸ ਦੇ ਵਿਚ ਭਾਰਤੀ ਮੂਲ ਦੇ ਅਤੇ ਹੋਰ ਵੱਖ-ਵੱਖ ਅਦਾਰਿਆਂ ਦੇ ਪ੍ਰਤੀਨਿਧੀ ਤੇ ਚੀਫ ਐਗਜ਼ੀਕਿਊਟਿਵ ਸ਼ਾਮਿਲ ਹਨ ਨਵੀਂ ਦਿੱਲੀ ਵਿਖੇ ਕਈ ਉਚ ਪੱਧਰੀ ਗੱਲਾਂਬਾਤਾਂ ਕਰਨਗੇ। ਇਸ ਦਲ ਦੀ ਪਹਿਲੀ ਮੀਟਿੰਗ 28 ਅਗਸਤ ਨੂੰ ਸਵੇਰੇ 10 ਤੋਂ 12 ਤੱਕ ਨਿਊਜ਼ੀਲੈਂਡ ਹਾਈ ਕਮਿਸ਼ਨ ਚਾਣਕਿਆ ਪੁਰੀ ਨਵੀਂ ਦਿੱਲੀ ਵਿਖੇ ਹੋਵੇਗੀ। ਇਸ ਉਪਰੰਤ ਇੰਟਰਨੈਸ਼ਨਲ ਸੈਂਟਰ ਵਿਖੇ ਨਿਊਜ਼ੀਲੈਂਡ ਦੇ ਵਪਾਰ ਮੰਤਰੀ ਸ੍ਰੀ ਡੈਮੀਅਨ ਓ’ਕੋਨਰ ਸੰਬੋਧਨ ਕਰਨਗੇ ਅਤੇ ਰਾਤ ਦਾ ਖਾਣਾ ਫਿਰ ਹਾਈ ਕਮਿਸ਼ਨ ਦੇ ਵਿਹੜੇ ਹੋਵੇਗਾ। ਮੰਗਲਵਾਰ ਨੂੰ ਇੰਡੀਆ ਹੈਬੀਟੇਟ ਵਿਖੇ ਕਾਰੋਬਾਰੀ ਉਦੇਸ਼ ਨੂੰ ਮੁੱਖ ਰੱਖਦਿਆਂ ਇਨਵੈਸਟ ਇੰਡੀਆ ਵੱਲੋਂ ਇਕ ਪੇਸ਼ਕਾਰੀ ਹੋਵੇਗੀ। ਦੁਪਹਿਰ ਬਾਅਦ ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਅਤੇ ਇੰਡਸਟਰੀ ਦਾ ਸਮਾਗਮ ਹੋਵੇਗਾ।
ਰਾਤ ਦਾ ਖਾਣਾ ਇੰਡੀਆ ਹੈਬੀਟੇਟ ਵਿਖੇ ਹੋਵੇਗਾ। ਬੁੱਧਵਾਰ ਨੂੰ ਇੰਡੀਆ ਹੈਬੀਟੇਟ ਵਿਖੇ ਇਕ ਹੋਰ ਮੀਟਿੰਗ ਹੋਵੇਗੀ ਅਤੇ ਸ਼ਾਮ ਨੂੰ ਹੋਟਲ ਸ਼ੰਗਰੀਲਾ ਵਿਖੇ 2 ਤੋਂ 7 ਵਜੇ ਤੱਕ ਇੰਡੀਆ-ਨਿਊਜ਼ੀਲੈਂਡ ਬਿਜ਼ਨਸ ਕੌਂਸਿਲ ਦਾ ਪ੍ਰੋਗਰਾਮ ਹੋਵੇਗਾ। ਬਿਜ਼ਨਸ ਨੈਟਵਰਕਿੰਗ ਉਤੇ ਗੱਲਬਾਤ ਹੋਏਗੀ ਅਤੇ ਰਾਤਰੀ ਭੋਜਨ ਹੋਵੇਗਾ। 31 ਅਗਸਤ ਨੂੰ ਸਾਰਾ ਦਿਨ ਵਪਾਰਕ ਅਦਾਰਿਆਂ ਨਾਲ ਗੱਲਬਾਤ ਹੋਵੇਗੀ। ਜੈਸਪ੍ਰੀ ਕੀਵੀ ਫਰੂਟ ਦੇ ਹੈਡ ਆਫ ਗਲੋਬਲ ਪਬਲਿਕ ਅਫੇਅਰ ਸ੍ਰੀ ਮਾਈਕਲ ਫੌਕਸ,ਔਕਲੈਂਡ ਬਿਜ਼ਨਸ ਚੈਂਬਰ ਦੇ ਚੀਫ ਐਗਜ਼ੀਕਊਟਿਵ ਸ੍ਰੀ ਸਾਇਮਨ ਬਿ੍ਰਜਸ, ਨਿਊਜ਼ੀਲੈਂਡ ਇੰਟਰਨੈਸ਼ਲ ਬਿਜ਼ਨਸ ਫੋਰਮ ਦੇ ਸ੍ਰੀ ਸਟੀਫਨ ਜੈਕੋਬੀ, ਬਿਜ਼ਨਸ ਨਿਊਜ਼ੀਲੈਂਡ ਦੀ ਡਾਇਰੈਕਟਰ ਕੈਥਰੀਨ ਬੀਅਰਡ, ਇੰਪਲਾਇਰ ਐਂਡ ਮੈਨੂਫੈਕਚਰਰ ਐਸੋਸੀਏਸ਼ਨ ਦੇ ਚੀਫ ਬ੍ਰੈਟ ਓ ਰੀਲੇ ਵੀ ਇਸ ਗਰੁੱਪ ਦੇ ਵਿਚ ਸ਼ਾਮਿਲ ਹਨ।
ਦਿੱਲੀ ਵਾਲੇ ਕੰਮ ਨਿਪਟਣ ਤੋਂ ਬਾਅਦ ਅਕਾਲ ਟ੍ਰਸਟ ਦੇ ਸ. ਰਘਬੀਰ ਸਿੰਘ ਜੇ.ਪੀ., ਸ. ਤੀਰਥ ਸਿੰਘ ਅਟਵਾਲ (ਇੰਡੋ ਸਪਾਈਸ), ਸ. ਗੁਰਜਿੰਦਰ ਸਿੰਘ ਘੁੰਮਣ (ਇਮੀਗ੍ਰੇਸ਼ਨ ਸਲਾਹਕਾਰ) ਤੇ ਕਾਰੋਬਾਰੀ ਸ੍ਰੀ ਪੰਕਜ਼ ਗੁਪਤਾ ਔਕਲੈਂਡ ਦੇ ਮੇਅਰ ਸ੍ਰੀ ਵੇਨ ਬਰਾਉਨ ਨੂੰ ਪੰਜਾਬ ਲਿਜਾਉਣਗੇ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਦੀਦਾਰੇ ਕਰਾਉਣਗੇ। ਇਸ ਦੌਰਾਨ ਕੁਝ ਹੋਰ ਰੁਝੇਵੇਂ ਵੀ ਸ਼ਾਮਿਲ ਹੋ ਸਕਦੇ ਹਨ। ਵਪਾਰ ਮੰਤਰੀ ਨੇ ਆਪਣੀ ਇਕ ਮੁਲਾਕਾਤ ਦੇ ਵਿਚ ਕਿਹਾ ਹੈ ਕਿ ‘‘ਭਾਰਤ ਦੇ ਨਾਲ ਦੁਵੱਲੇ ਰਿਸ਼ਤਿਆਂ ਨੂੰ ਹੋਰ ਪੱਕਿਆਂ ਕਰਨ ਦੀ ਗੱਲਬਾਤ ਹੋਵੇਗੀ। ਮੁਕਤ ਵਪਾਰ ਸਮਝੌਤੇ ਉਤੇ ਵੀ ਗੱਲਬਾਤ ਹੋਵੇਗੀ। ਭਾਰਤ-ਨਿਊਜ਼ੀਲੈਂਡ ਦੇ ਰਿਸ਼ਤਿਆਂ ਨੂੰ ਹੋਰ ਪੀਡੇ ਕਰਨ ਵਾਸਤੇ ਇਸ ਵੇਲੇ ਮੇਰੇ ਹਿਸਾਬ ਨਾਲ ਕੋਈ ਚੁਣੌਤੀਆਂ ਨਹੀਂ ਹਨ।’’ ਉਨ੍ਹਾਂ ਇਹ ਮੰਨਿਆ ਕਿ ਇਹ ਮਹੱਤਵਪੂਰਨ ਗੱਲ ਹੈ ਕਿ ਨਿਊਜ਼ੀਲੈਂਡ ਅਤੇ ਭਾਰਤ ਦਰਮਿਆਨ ਸਿੱਧੀ ਹਵਾਈ ਸੇਵਾ ਸ਼ੁਰੂ ਹੋਵੇ। ਹੁਣ ਵੇਖਣਾ ਇਹ ਹੈ ਕਿ ਭਾਰਤੀ ਦਲ ਇਸ ਗੱਲ ਨੂੰ ਕਿੰਨੇ ਜ਼ੋਰ ਦੇ ਨਾਲ ਕਹਿ ਜਾਂ ਕਹਾ ਸਕਦਾ ਹੈ ਜਾਂ ਮਨਾ ਸਕਦਾ ਹੈ। ਸੋ ਲਗਪਗ 50 ਵਿਅਕਤੀਆਂ ਨਾਲ ਭਰਿਆ ਜਹਾਜ਼ ਇੰਡੀਆ ਜਾ ਰਿਹਾ ਹੈ, ਵੇਖਦੇ ਹਾਂ ਕਿ ਉਥੋਂ ਸਿੱਧਾ ਜਹਾਜ਼ ਚਲਾਉਣ ਵਾਲੀ ਖੁਸ਼ਖਬਰੀ ਸਾਂਝੀ ਕਰਨਗੇ ਜਾਂ ਨਹੀਂ।
ਵਰਨਣਯੋਗ ਹੈ ਕਿ ਇੰਡੀਆ ਅਤੇ ਭਾਰਤ ਸਰਕਾਰ ਦੇ ਆਪਸੀ ਸਬੰਧ 70 ਸਾਲਾਂ ਤੋਂ ਵਧ ਦੇ ਹਨ। 1950 ਤੋਂ 1952 ਤੱਕ ਟ੍ਰੇਡ ਕਮਿਸ਼ਨਰ ਨਾਲ ਸਫਾਰਤਖਾਨੇ ਦਾ ਕੰਮ ਚਲਦਾ ਸੀ। ਫਿਰ 1952 ਤੋਂ 1963 ਤੱਕ ਕੈਨਬਰਾ ਆਸਟਰੇਲੀਆ ਵਾਲੇ ਹਾਈ ਕਮਿਸ਼ਨਰ ਕੰਮ ਚਲਾਉਂਦੇਰਹੇ ਅਤੇ ਫਿਰ ਅਗਸਤ 1963 ਤੋਂ ਨਿਊਜ਼ੀਲੈਂਡ ਨੂੰ ਆਪਣਾ ਹਾਈ ਕਮਿਸ਼ਨਰ ਮਿਲ ਗਿਆ ਸੀ। ਭਾਰਤ ਦੇਸ਼, ਨਿਊਜ਼ੀਲੈਂਡ ਦੇ ਲਈ ਵਪਾਰ ਪੱਖੋਂ 16ਵੇਂ ਨੰਬਰ ਉਤੇ ਹੈ। ਇਸ ਵੇਲੇ ਸੈਂਕੜੇ ਮਿਲੀਅਨ ਡਾਲਰ ਦਾ ਵਪਾਰ ਭਾਰਤ ਦੇ ਨਾਲ ਹੋ ਰਿਹਾ ਹੈ। ਮੁਕਤ ਵਪਾਰ ਸਮਝੌਤਾ (ਫ੍ਰੀ ਟ੍ਰੇਡ ਐਗਰੀਮੈਂਟ) ਅਪ੍ਰੈਲ 2010 ਦੇ ਵਿਚ ਸ਼ੁਰੂ ਹੋਇਆ ਸੀ, ਦਸਵੇਂ ਗੇੜ ਦੀ ਗੱਲਬਾਤ ਫਰਵਰੀ 2015 ਦੇ ਵਿਚ ਹੋਈ ਸੀ, ਪਰ ਕੰਮ ਸਿਰੇ ਨਹੀਂ ਸੀ ਚੜਿ੍ਹਆ। ਹੁਣ ਵੇਖੋ ਜੇ ਕਰ ਇਹ ਫਾਈਲ ਲੱਭ ਗਈ ਤਾਂ ਸ਼ਾਇਦ ਗੱਲਬਾਤ ਫਿਰ ਸ਼ੁਰੂ ਹੋਵੇ। ਮੁਕਤ ਵਪਾਰ ਵਾਲਾ ਸਮਝੌਤਾ ਹੋ ਜਾਵੇ ਤਾਂ ਆਯਾਤ ਅਤੇ ਨਿਰਯਾਤ ਦੇ ਵਿਚ ਵੱਡਾ ਉਛਾਲ ਆਵੇਗਾ ਅਤੇ ਚੀਜ਼ਾਂ ਵੀ ਸਸਤੀਆਂ ਹੋਣਗੀਆਂ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.