PunjabD5 specialPunjab V

ਗੁਰੂ ਦਾ ਸੱਚਾ ਸਿੱਖ ਇੱਥੇ ਜਾਏ ਬਿਨਾਂ ਰਹਿ ਹੀ ਨਹੀਂ ਸਕਦਾ

ਹਰਪ੍ਰੀਤ ਸਿੰਘ ਨਾਜ਼

          ਜਿਉਂ-ਜਿਉਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਨਜ਼ਦੀਕ ਆਉਂਦਾ ਜਾ ਰਿਹਾ ਹੈ ਇੰਝ ਜਾਪਦਾ ਹੈ ਕਿ ਤਿਉਂ-ਤਿਉਂ ਦੁਨੀਆਂ ਭਰ ਦੀ ਗੁਰੂ ਨਾਨਕ ਨਾਮ ਲੇਵਾ ਸੰਗਤ ਅੰਦਰ ਗੁਰੂ ਸਾਹਿਬ ਬਾਰੇ ਵੱਧ ਤੋਂ ਵੱਧ ਜਾਣ ਲੈਣ ਦੀ ਇੱਛਾ ਵਧਦੀ ਜਾ ਰਹੀ ਹੈ। ਗੁਰੂ ਦੇ ਸਿੱਖ ਗੁਰੂ ਸਾਹਿਬ ਨਾਲ ਸਬੰਧਤ ਸਾਹਿਤ, ਇਤਿਹਾਸ ਅਤੇ ਬਾਣੀ ਨੂੰ ਵੱਧ ਤੋਂ ਵੱਧ ਪੜ੍ਹਨ? ਸੁਣਨ ਤੇ ਜਾਣਨ ਦੀ ਇੱਛਾ ਲਈ ਨਾ ਸਿਰਫ਼ ਵਿਦਵਾਨਾਂ ਦੀ ਸ਼ਰਣ ਵਿੱਚ ਜਾ ਰਹੇ ਹਨ ਬਲਕਿ ਗੁਰੂ ਸਾਹਿਬ ਨਾਲ ਸਬੰਧਤ ਗੁਰਧਾਮਾਂ ਦੇ ਦਰਸ਼ਨਾਂ ਦੀ ਤਾਂਘ ਵੀ ਇਨ੍ਹਾਂ ਲੋਕਾਂ ਅੰਦਰ ਵਧੀ ਹੋਈ ਪ੍ਰਤੀਤ ਹੁੰਦੀ ਹੈ। ਸ਼ਾਇਦ ਇਹੋ ਕਾਰਨ ਹੈ ਕਿ ਭਾਈ ਗੁਰਦਾਸ ਜੀ ਦੀ ਬਾਣੀ ‘ਚਰਣ ਸ਼ਰਣ ਗੁਰੂ ਏਕ ਪੈਂਡਾ ਜਾਇ ਚਲ ਸਤਿਗੁਰੂ ਕੋਟਿ ਪੈਂਡਾ ਆਗੇ ਹੋਇ ਲੇਤ ਹੈਂ।।’ ਅਨੁਸਾਰ ਗੁਰੂ ਸਾਹਿਬ ਨੇ ਅੱਜ ਇੱਕ ਇੱਕ ਕਰਕੇ ਸਾਰੇ ਰਸਤੇ ਆਪ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਜਿਸਦਾ ਸਬੂਤ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਉਹ ਲਾਂਘਾ ਆਪਣੇ ਆਪ ਖੁੱਲ੍ਹਣ ਦਾ ਰਸਤਾ ਸਾਫ਼ ਹੁੰਦਾ ਜਾ ਰਿਹਾ ਹੈ ਜਿਸਨੂੰ ਖੋਲ੍ਹਣ ਲਈ ਸਿੱਖ ਸੰਗਤ ਸੱਤ ਦਹਾਕਿਆਂ ਤੋਂ ਵੱਧ ਸਮੇਂ ਤੋਂ ਅਕਾਲਪੁਰਖ ਅੱਗੇ ਅਰਦਾਸ ਕਰਦੀ ਆ ਰਹੀ ਹੈ। ਇਹ ਤਾਂ ਹੈ ਉਹ ਇੱਕ ਗੁਰਧਾਮ ਜਿਸਨੂੰ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਹਾਸਲ ਹੈ ਪਰ ਇਸ ਤੋਂ ਇਲਾਵਾ ਦੇਸ਼ ਵਿਦੇਸ਼ ਵਿੱਚ ਹੋਰ ਵੀ ਬਹੁਤ ਸਾਰੇ ਗੁਰਧਾਮ ਹਨ ਜਿੱਥੇ ਬਾਬੇ ਨਾਨਕ ਨੇ ਆਪ ਖੁਦ ਚੱਲ ਕੇ ਮਾਨਵਤਾ ਦਾ ਸੰਦੇਸ਼ ਦਿੱਤਾ ਹੈ। ਕਿਹੜੇ ਹਨ ਉਹ ਸਥਾਨ ਚਲੋ ਆਪਾਂ ਇਸ ਤੇ ਵਿਚਾਰਾਂ ਕਰਦੇ ਹਾਂ।

ਗੁਰਦੁਆਰਾ ਸੁਲਤਾਨਪੁਰ ਲੋਧੀ ਵਿਖੇ ਮੋਦੀਖਾਨੇ ਦੇ ਵੱਟੇ ਅੱਜ ਵੀ ਸੁਸ਼ੋਭਿਤ ਹਨ :

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਮੇਂ ਹੀ ਸਪਸ਼ਟ ਹੋ ਗਿਆ ਸੀ ਕਿ ਇਹ ਕੋਈ ਸਾਧਾਰਣ ਬਾਲਕ ਨਹੀਂ ਹਨ । ਗੁਰੂ ਜੀ ਬਚਪਨ ਤੋਂ ਹੀ ਸਾਧੂ ਸੁਭਾਅ ਅਤੇ ਦਾਨੀ ਬਿਰਤੀ ਦੇ ਸਨ । ਇਸ ਲਈ ਇਹਨਾਂ ਦੇ ਪਿਤਾ ਜੀ ਇਹਨਾਂ ਤੋਂ ਅਕਸਰ ਨਾਰਾਜ ਰਹਿੰਦੇ ਸਨ। ਇਹ ਦੇਖ ਇਹਨਾਂ ਦੀ ਭੈਣ ਬੇਬੇ ਨਾਨਕੀ ਜੀ ਨੇ ਇਹਨਾਂ ਨੂੰ ਆਪਣੇ ਪਾਸ ਸੁਲਤਾਨਪੁਰ ਲੋਧੀ ਬੁਲਾ ਲਿਆ। ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵਿਹਲੇ ਖਾਣ ਨਾਲੋ ਕਿਰਤ ਕਰਨੀ ਚੰਗੀ ਸਮਝੀ ਅਤੇ ਮੋਦੀਖਾਨੇ ਵਿੱਚ ਨੌਕਰੀ ਕਰ ਲਈ।

ਮੋਦੀਖਾਨੇ ਦੀ ਨੌਕਰੀ ਸਮੇਂ ਜਿਨ੍ਹਾਂ ਵੱਟਿਆ ਨਾਲ ਗਰੀਬ, ਅਮੀਰ, ਫਕੀਰ ਨੂੰ ਰਸਦ ਇਕੋ ਜਿਹੀ ਜੋਖ ਕੇ ਦਿਆ ਕਰਦੇ ਸਨ , ਉਹਨਾਂ ਵੱਟਿਆ ਦੇ ਦਰਸ਼ਨ ਤੁਸੀਂ ਅੱਜ ਵੀ ਸੁਲਤਾਨਪੁਰ ਲੋਧੀ ਵਿਖੇ ਕਰ ਸਕਦੇ ਹੋ।

1 6

vatte

ਬੇਬੇ ਨਾਨਕੀ ਵਲੋਂ ਦਿੱਤੇ ਗਏ ਰੁਮਾਲ ਦੇ ਦਰਸ਼ਨ ਗੁਰਦੁਆਰਾ ਡੇਰਾ ਬਾਬਾ ਨਾਨਕ ਵਿਖੇ ਹੁੰਦੇ ਹਨ। ਸਮੇਂ ਦੇ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਮੂਲਚੰਦ ਜੀ ਦੀ ਸਪੁੱਤਰੀ ਸੁਲੱਖਣੀ ਜੀ ਨਾਲ ਨਿਯਤ ਕੀਤਾ ਗਿਆ । ਗੁਰੂ ਨਾਨਕ ਦੇਵ ਜੀ ਦੀ ਜੰਞ ਦੇ ਤੁਰਨ ਸਮੇਂ, ਉਹਨਾਂ ਦੀ ਭੈਣ ਬੇਬੇ ਨਾਨਕੀ ਜੀ ਨੇ ਆਪਣੇ ਪਵਿਤ੍ਰ ਹੱਥਾਂ ਨਾਲ ਕਸੀਦਾ ਕਢਿਆ ਰੁਮਾਲ ਆਪਣੇ ਪਿਆਰੇ ਵੀਰ ਨੂੰ ਦਿੱਤਾ। ਰੰਗ ਬਿਰੰਗੇ ਧਾਗਿਆਂ ਨਾਲ ਕੱਢੇ ਇਸ ਰੁਮਾਲ ਤੇ ਹਰਨ, ਦਰਖਤ ਬੂਟੇ ਅਤੇ ਤਿੰਨ ਔਰਤਾਂ ਤੋਂ ਇਲਾਵਾ ਇੱਕ ਮੋਰ ਦੀ ਕਢਾਈ ਕੱਢੀ ਗਈ ਹੈ ਤੇ ਇਹ ਅੱਜ ਵੀ ਉਸੇ ਤਰ੍ਹਾਂ ਤਰੋ ਤਾਜ਼ਾ ਦਿਖਾਈ ਦਿੰਦਾ ਹੈ। ਇਹ ਰੁਮਾਲ ਹੁਣ ਡੇਰਾ ਬਾਬਾ ਨਾਨਕ ਵਿਖੇ ਮੌਜੂਦ ਹੈ।

2 3

rumal

ਬਰਾਤ ਨੇ ਚੱਲਕੇ ਬਟਾਲੇ ਵਿਖੇ ਡੇਰਾ ਕੀਤਾ । ਇੱਥੇ ਗੁਰੂ ਸਾਹਿਬ ਇੱਕ ਕੱਚੀ ਕੰਧ ਪਾਸ ਬੈਠੇ ਸਨ, ਜੋ ਡਿੱਗਣ ਵਾਲੀ ਸੀ, ਪਰ ਗੁਰੂ ਜੀ ਦੇ ਬਚਨਾਂ ਸਦਕੇ, ਹੁਣ ਵੀ ਬਟਾਲੇ ਵਿਆਹ ਦੀ ਨਿਸ਼ਾਨੀ ਵਜੋਂ ਮੌਜੂਦ ਹੈ।

3 4

kandh

ਗੁਰੂ ਜੀ ਨੇ ਵਿਚਾਰਿਆ ਕੇ ਘਰ ਬੈਠ ਉਪਦੇਸ਼ ਕਰਨ ਨਾਲ ਸੰਸਾਰ ਦਾ ਭਲਾ ਨਹੀਂ ਹੋ ਸਕਦਾ, ਇਸ ਲਈ ਉਨ੍ਹਾਂ ਨੇ ਈਰਖਾ ਵੈਰ ਨਾਲ ਸੜਦੀ ਹੋਈ ਇਸ ਲੁਕਾਈ ਨੂੰ ਅੰਮ੍ਰਿਤ ਨਾਮ ਦਾ ਛੱਟਾ ਦੇਣ ਲਈ ਉਦਾਸੀਆਂ ਕਰਨ ਦਾ ਮਨ ਬਣਾਇਆ। ਦੇਸ ਦਿਸੰਤਰਾਂ ਵਿੱਚ ਸਤਿਨਾਮ ਦਾ ਉਪਦੇਸ਼ ਦੇਣ ਤੋਂ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਾਥੀ ਮਰਦਾਨੇ ਨੂੰ ਰਬਾਬ ਨਾਲ ਸੁਸ਼ੋਭਿਤ ਕਰਨ ਦੀ ਸੋਚੀ । ਗੁਰੂ ਜੀ ਨੂੰ ਪਤਾ ਲੱਗਾ ਕਿ ਭਾਈ ਫਰਿੰਦੇ ਕੋਲ ਇੱਕ ਰਬਾਬ ਪਿਆ ਹੈ । ਉਨ੍ਹਾਂ ਨੇ ਮਰਦਾਨੇ ਨੂੰ ਕਿਹਾ ਕਿ ਉਹ ਭੈਣ ਨਾਨਕੀ ਕੋਲੋਂ ਕੁਝ ਰੁਪਏ ਲੈ ਕੇ  ਫਰਿੰਦੇ ਨੂੰ ਮਿਲੇ ਤੇ ਰਬਾਬ ਲੈ ਆਵੇ । ਭਾਈ ਮਰਦਾਨਾ ਪੈਸੇ ਲੈ ਭਾਈ ਫਰਿੰਦੇ ਪਾਸ ਗਿਆ ਤੇ ਰਬਾਬ ਮੰਗੀ। ਭਾਈ ਫਰਿੰਦਾ ਆਪ ਸੁਲਤਾਨਪੁਰ ਆ ਕੇ ਗੁਰੂ ਜੀ ਨੂੰ ਰਬਾਬ ਦੇ ਗਿਆ ।

ਐਮਨਾਬਾਦ ਪਾਕਿਸਤਾਨ ਦੇ ਗੁਰਦੁਆਰਾ ਸਾਹਿਬ ਵਿੱਚ ਸੁਸ਼ੋਭਤ ਹੈ ਗੁਰੂ ਸਾਹਿਬ ਵਲੋਂ ਚਲਾਈ ਗਈ ਚੱਕੀ :  

ਗੁਰੂ ਜੀ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਪਹਿਲਾਂ ਐਮਨਾਬਾਦ ਪਹੰਚੇ ਅਤੇ ਇੱਥੇ ਭਾਈ ਲਾਲੋ ਤਰਖਾਣ ਪਾਸ ਕਾਫੀ ਦਿਨ ਰਹੇ। ਐਮਨਾਬਾਦ ਦਾ ਮੁਸਾਹਿਬ ਜੋ ਇੱਕ ਪਠਾਣ ਸੀ , ਉਸਦਾ ਪੁੱਤਰ ਬਹੁਤ ਸਮੇਂ ਤੋਂ ਬੀਮਾਰ ਸੀ, ਦਵਾਦਾਰੂ ਦਾ ਕੋਈ ਅਸਰ ਨਹੀ ਹੁੰਦਾ ਸੀ । ਉਸਨੇ ਮਲਕ ਭਾਗੋ ਦੀ ਸਲਾਹ ਤੇ ਸਾਰੇ ਫਕੀਰਾਂ ਨੂੰ ਫੜ ਬੰਦੀਖਾਨੇ ਵਿੱਚ ਪਾ ਦਿੱਤਾ ਕਿ ਮੇਰੇ ਪੁੱਤਰ ਦੀ ਤੰਦਰੁਸਤੀ ਲਈ ਦੂਆ ਕਰੋ । ਸਿਪਾਹੀਆਂ ਨੇ ਹੋਰਨਾਂ ਫਕੀਰਾਂ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਵੀ ਫੜ ਕੇ ਬੰਦੀਖਾਨੇ ਵਿੱਚ ਬੰਦ ਕਰ ਦਿੱਤਾ। ਸ਼ਾਇਦ ਇਸੇ ਸਮੇਂ ਗੁਰੂ ਜੀ ਨੂੰ ਬੰਦੀਖਾਨੇ ਵਿਚ ਚੱਕੀ ਪੀਸਣ ਲਈ ਦਿੱਤੀ ਗਈ। ਪਰ ਆਮਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਇਹ ਚੱਕੀ ਗੁਰੂ ਜੀ ਨੇ ਉਸ ਸਮੇਂ ਪੀਸੀ ਜਦੋਂ ਬਾਬਰ ਦੁਆਰਾ ਗੁਰੂ ਜੀ ਨੂੰ ਐਮਨਾਬਾਦ ਬੰਦੀ ਬਣਾਇਆ ਗਿਆ ਸੀ। ਇਹ ਚੱਕੀ ਐਮਨਾਬਾਦ (ਪਾਕਿਸਤਾਨ) ਦੇ ਗੁਰੂਦੁਆਰਾ ਸਾਹਿਬ ਵਿਖੇ ਮੌਜੂਦ ਸੀ, ਪਰ ਕੁਝ ਸਾਲ ਪਹਿਲਾਂ ਚੋਰੀ ਹੋ ਗਈ ਹੈ । ਇੱਥੋਂ ਹੀ ਗੁਰੂ ਜੀ ਉਦਾਸੀ ਭੇਖ ਧਾਰਨ ਕਰਕੇ ਲੰਬੀ ਉਦਾਸੀ ਤੇ ਨਿਕਲ ਪਏ ।

ਨਿਜਾਮਾਬਾਦ ਵਿਖੇ ਮੌਜੂਦ ਹਨ ਗੁਰੂ ਸਾਹਿਬ ਦੀਆਂ ਖੜਾਵਾਂ :

4 4

ਗੁਰੂ ਜੀ ਅਜੁਧਿਆ ਆਦਿ ਤੀਰਥਾਂ ਤੇ ਹੁੰਦੇ ਹੋਏ ਨਿਜਾਮਾਬਾਦ ਪਹੁੰਚੇ ।  ਉਸ ਸਮੇਂ ਨਦੀ ਦੇ ਨਜਦੀਕ ਸੰਨਿਆਸੀ ਮੱਠਾਂ ਦੀ ਬਹੁਤ ਗਿਣਤੀ ਸੀ । ਇੱਥੇ ਨਦੀ ਕਿਨਾਰੇ ‘ਮਹਾਂਦੇਉ ਘਾਟ’ ਉੱਪਰ ਇੱਕ ਸ਼ਿਵਾਲਾ ’ਤੇ ਪੁਰਾਣਾ ਖੂਹ ਸੀ, ਉੱਥੇ ਗੁਰੂ ਜੀ ਤਿੰਨ ਦਿਨ ਠਹਿਰੇ ਸਨ । ਇਥੋਂ ਦੇ ਸੰਨਿਆਸੀਆਂ ਨਾਲ ਗੁਰੂ ਜੀ ਚਰਚਾ ਹੋਈ ਸੀ । ਜਦੋਂ ਗੁਰੂ ਜੀ ਜਾਣ ਲੱਗੇ ਤਾਂ ਸੰਨਿਆਸੀਆਂ ਦੇ ਨਿਸ਼ਾਨੀ ਮੰਗਣ ਤੇ ਗੁਰੂ ਜੀ ਨੇ ਉਹਨਾਂ ਨੂੰ ਆਪਣੀਆਂ ਖੜਾਵਾਂ  ਦੇ ਦਿੱਤੀਆਂ, ਜੋ ਅੱਜ ਵੀ ਉੱਥੇ ਮੌਜ਼ੂਦ ਹਨ । ਇਸ ਥਾਂ ਤੇ ਹੁਣ ਗੁਰਦੁਆਰਾ ਚਰਨ ਪਾਦੁਕਾ ਸਾਹਿਬ ਨਿਜਾਮਾਬਾਦ ਹੈ।

khadava

ਬਾਕੀ ਅਗਲੇ ਅੰਕ ’ਚ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button