ਨਨਕਾਣਾ ਸਾਹਿਬ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਇਹ ਮੰਗ ਕੀਤੀ ਹੈ ਕਿ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਨੂੰ ਸਿੱਖ ਕੌਮ ਦਾ ਛੇਵਾਂ ਤਖਤ ਐਲਾਨਿਆ ਜਾਵੇ। ਸ. ਸਰਨਾ ਆਪਣੇ ਭਰਾ ਹਰਵਿੰਦਰ ਸਿੰਘ ਸਰਨਾ ਨਾਲ ਇਨੀਂ ਦਿਨੀਂ ਗੁਰਪੁਰਬ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ ਗਏ ਹੋਏ ਹਨ।
ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨਾਲ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣ ਉਪਰੰਤ ਬੋਲਦਿਆਂ ਸ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਦੁਨੀਆਂ ਭਰ ਵਿੱਚ ਪਹੁੰਚਾਏ ਜਾਣ ਦੀ ਇਸ ਵੇਲੇ ਸਖਤ ਲੋੜ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਸਿੱਖ ਕੌਮ ਦੇ ਸਿਰਫ਼ ਪੰਜ ਹੀ ਤਖਤ ਐਲਾਨੇ ਗਏ ਹਨ ਤੇ ਜੇਕਰ ਸ੍ਰੀ ਨਨਕਾਣਾ ਸਾਹਿਬ ਨੂੰ ਛੇਵਾਂ ਤਖਤ ਐਲਾਨਿਆ ਜਾਂਦਾ ਹੈ ਤਾਂ ਸਿੱਖਾਂ ਲਈ ਇਹ ਬੜੇ ਮਾਣ ਵਾਲੀ ਗੱਲ ਹੋਵੇਗੀ।
ਸ. ਸਰਨਾ ਵਲੋਂ ਦਿੱਤੇ ਗਏ ਇਸ ਸੁਝਾਅ ਨੂੰ ਪ੍ਰਵਾਨਗੀ ਦੇਣ ਲਈ ਮੌਕੇ ’ਤੇ ਮੌਜੂਦ ਸੰਗਤ ਨੇ ਜੈਕਾਰਿਆਂ ਨਾਲ ਗੁਰਦੁਆਰਾ ਸਾਹਿਬ ਦੀ ਇਮਾਰਤ ਗੂੰਜਣ ਲਾ ਦਿੱਤੀ। ਸ. ਸਰਨਾ ਦਾ ਇਹ ਕਹਿਣਾ ਸੀ ਕਿ ਸਿੱਖ ਕੌਮ ਦੀ ਨੀਂਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਖੀ ਸੀ ਇਸ ਲਈ ਉਨ੍ਹਾਂ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਉਨ੍ਹਾਂ ਦਾ ਇਹ ਦਾਅਵਾ ਸੀ ਕਿ ਉਨ੍ਹਾਂ ਦੇ ਇਸ ਸੁਝਾਅ ਨੂੰ ਸ਼੍ਰੋਮਣੀ ਕਮੇਟੀ ਦੇ ਜੱਥੇ ਵਾਲੇ ਆਗੂਆਂ ਵਲੋਂ ਵੀ ਹਾਮੀ ਭਰੀ ਗਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.