YOUTH GLOBAL

ਕੁੜੀਆਂ ਹੱਥ ਪੁੜੀਆਂ

ਅਮਰਜੀਤ ਸਿੰਘ ਵੜੈਚ (9417801988)

ਸਾਲ 2017 ਤੋਂ 2019 ਦੇ ਤਿੰਨ ਸਾਲਾਂ ਦੌਰਾਨ ਨਸ਼ਿਆਂ ਕਾਰਨ 2300 ਤੋਂ ਵੱਧ ਪੰਜਾਬੀ ਸਿਵਿਆਂ ਦੇ ਰਾਹ ਤੁਰ ਗਏ ਸਨ ਅਤੇ ਹੁਣ ਵੀ ਹਰ ਰੋਜ਼ ਘੱਟੋ-ਘੱਟ ਦੋ ਘਰਾਂ ਵਿੱਚ ਨਸ਼ਿਆਂ ਕਾਰਨ ਸੱਥਰ ਵਿੱਛ ਰਹੇ ਹਨ। ਪੰਜਾਬ ਨਸ਼ਿਆਂ ਕਾਰਨ ਬਦਨਾਮ ਹੋ ਚੁੱਕਾ ਹੈ। ਹਰ ਸਾਲ ਨਸ਼ਿਆਂ ਕਾਰਨ 7 ਸੌ ਤੋਂ ਸਾਢੇ ਸੱਤ ਸੌ ਤੱਕ ਪੰਜਾਬੀ ਮੌਤ ਦੇ ਮੂੰਹ ‘ਚ ਜਾ ਡਿੱਗਦੇ ਹਨ। ਇਹ ਤੱਥ ਜਿਥੇ ਬੜੇ ਦੁੱਖਦਾਇਕ ਹਨ ਉੱਥੇ ਪੰਜਾਬ ਲਈ ਸ਼ਰਮਨਾਕ ਵੀ ਹਨ ਕਿਉਂਕਿ ਪੰਜਾਬ ਦੇ ਲੋਕ ਦੁੱਧ-ਘਿਓ ਖਾਣ ਵਾਲੇ ਅਤੇ ਮਿਹਨਤ ਕਰਨ ਵਾਲੇ ਮੰਨੇ ਜਾਂਦੇ ਹਨ।

ਇਸ ਵਰਤਾਰੇ ਵਿੱਚ ਜਿਹੜਾ ਨਵਾਂ ਹਿੱਸਾ ਜੁੜ ਰਿਹਾ ਹੈ ਉਹ ਇਹ ਹੈ ਕਿ ਹੁਣ ਕੁੜੀਆਂ ਵੀ ਨਸ਼ੇ ਕਰਨ ਲੱਗ ਪਈਆਂ ਹਨ ਅਤੇ ਵੇਚਣ ਵੀ ਲੱਗ ਪਈਆਂ ਹਨ। ਇਸੇ ਮਹੀਨੇ ਦੀ 28 ਤਾਰੀਖ ਨੂੰ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿੱਚ ਇਕ ਵੱਡੀ ਕਾਰ ‘ਚੋ 30 ਕਰੋੜ ਰੁਪਏ ਦੀ ਹੈਰੋਇਨ (ਚਿੱਟਾ) ਫੜੀ ਜਿਸ ਕਾਰ ਵਿੱਚ ਇਕ ਲੜਕਾ ਅਤੇ ਇਕ ਨਾਮਵਰ ਕਾਲਜ਼ ਦੀ ਐੱਮਏ ਕਰ ਰਹੀ ਪੰਜਾਬੀ ਵਿਦਿਆਰਥਣ ਸਫਰ ਕਰ ਰਹੇ ਸਨ। ਇਸ ਤੋਂ ਪਹਿਲਾਂ ਕਈ ਵਾਰ ਭੁੱਕੀ, ਸ਼ਰਾਬ ਅਫੀਮ ਆਦਿ ਦੀ ਸਮੱਗਲਿੰਗ ਕਰਦੀਆਂ ਗਰੀਬ ਘਰਾਂ ਦੀਆਂ ਔਰਤਾਂ ਬਾਰੇ ਤਾਂ ਸੁਣਿਆ ਸੀ ਪਰ ਹੁਣ ਤਾਂ ਸਰਦੇ-ਪੁੱਜਦੇ ਘਰਾਂ ਦੀਆਂ ਧੀਆਂ-ਧਿਆਣੀਆਂ ਇਸ ‘ਵਪਾਰ’ ਦਾ ਹਿੱਸਾ ਬਣ ਰਹੀਆਂ ਹਨ।

ਵਿਦੇਸ਼ਾਂ ਵਿੱਚ ਵੀ ਨਸ਼ੇ ਦੇ ਸਮੱਗਲਰ ਪੰਜਾਬਣਾਂ ਨੂੰ ਸਮੱਗਲਿੰਗ ਕਰਨ ਲਈ ਵਰਗਲਾ ਲੈਂਦੇ ਹਨ। ਪਿਛਲੇ ਵਰ੍ਹੇ ਇਸੇ ਮਹੀਨੇ ਹੀ ਕੈਨੇਡਾ ਵਿੱਚ 33 ਨਸ਼ੇ ਦੇ ਸਮੱਗਲਰ ਰੋਆਇਲ ਕੈਨੇਡਾ ਪੁਲਿਸ ਨੇ ਫੜੇ ਸਨ ਜਿਨ੍ਹਾਂ ਵਿੱਚੋਂ 23 ਪੰਜਾਬ ਨਾਲ ਸਬੰਧਿਤ ਸਨ ਅਤੇ ਇਨ੍ਹਾਂ ਵਿੱਚ ਇਕ ‘ਪੰਜਾਬਣ’ ਵੀ ਸੀ। ਦਸੰਬਰ 2010 ਵਿੱਚ ਲੰਡਨ ਦੀ ਇਕ ਅਦਾਲਤ ਨੇ ‘ਏਅਰ ਕੈਨੇਡਾ’ ਦੀ ਫਲਾਇਟ ਅਟੈਂਡੈਂਟ 27 ਸਾਲਾਂ ਦੀ ਪੰਜਾਬਣ ਨੂੰ ਆਪਣੇ ਜਹਾਜ਼ ਵਿੱਚ ਚਾਰ ਲੱਖ ਡਾਲਰ ਦੀ ਚਾਰ ਕਿਲੋ ਹੈਰੋਇਨ ਲੁਕਾ ਕੇ ਲਿਜਾਣ ਲਈ ਅੱਠ ਸਾਲਾਂ ਲਈ ਜੇਲ੍ਹ ਭੇਜ ਦਿੱਤਾ ਸੀ।

ਪੰਜਾਬ ਵਿੱਚ ਚਿੱਟਾ (ਹੈਰੋਇਨ)  ਅਫ਼ੀਮ, ਸ਼ਰਾਬ,  ਭੁੱਕੀ, ਭੰਗ, ਡੋਡੇ, ਨਸ਼ੇ ਦੀਆਂ ਗੋਲੀਆਂ ਅਤੇ ਟੀਕੇ ਵੱਡੇ ਪੱਧਰ ‘ਤੇ ਵਰਤੇ ਜਾ ਰਹੇ ਹਨ। ਪਹਿਲਾਂ ਨਸ਼ੇ ਸਿਰਫ਼ ਪੰਜਾਬੀ ਮਰਦ ਹੀ ਕਰਦੇ ਸਨ ਪਰ ਹੁਣ ਪਿਛਲੇ 15 ਕੁ ਸਾਲਾਂ ਤੋਂ ਲੜਕੀਆਂ ਅਤੇ ਔਰਤਾਂ ਵਿੱਚ ਵੀ ਇਹ ਕੰਮ ਸ਼ੁਰੂ ਹੋ ਗਿਆ ਹੈ। ਪੀਜੀ ‘ਚ ਰਹਿੰਦੀਆਂ, ਕਾਲਜ, ਯੂਨੀਵਰਸਿਟੀ, ਆਈਲੈਟਸ ਕਰਦੀਆਂ ਲੜਕੀਆਂ ਨੂੰ ਨਸ਼ੇ ਕਰਨ ਅਤੇ ਵੇਚਣ ਲਈ ਉਕਸਾਇਆ ਅਤੇ ਫਸਾਇਆ ਜਾ ਰਿਹਾ ਹੈ। ਨਸ਼ੇ ਦੇ ਵਪਾਰੀ ਲੜਕੀਆਂ ਰਾਹੀ ਸਮੱਗਲਿੰਗ ਕਰਨੀ ਸੁਰੱਖਿਅਤ ਸਮਝਦੇ ਹਨ। ਹੁਣ ਕੁੜੀਆਂ ਵੀ ਹਰ ਕਿਸਮ ਦਾ ਨਸ਼ਾ ਕਰਨ ਲੱਗ ਪਈਆਂ ਹਨ ਭਾਵੇਂ ਇਹ ਗਿਣਤੀ ਹਾਲੇ ਮਰਦ ਪੰਜਾਬੀਆਂ ਦੇ ਬਰਾਬਰ ਦੀ ਨਹੀਂ ਹੋਈ।

ਉਂਜ ਵੀ ਪੰਜਾਬੀਆਂ ਦੇ ਪਰਿਵਾਰਕ ਸਮਾਗਮਾਂ ਵਿੱਚ ਔਰਤਾਂ ਸ਼ਰਾਬ ਪੀਣ ਲੱਗ ਪਈਆਂ ਹਨ। ਔਰਤਾਂ ਦੁਆਰਾ ਸ਼ਰਾਬ ਪੀਣੀ ਹੁਣ ਸਮਾਜ ਵਿੱਚ ‘ਉੱਚ ਦਰਜੇ’ ਦੀ ਪਹਿਚਾਣ ਮੰਨੀ ਜਾਣ ਲੱਗ ਪਈ ਹੈ। ਦਾਰੂ ਵਿੱਚ ਗਲਤਾਨ ਲੋਕਾਂ ਦੇ ਘਰ ਕਦੇ ਵੱਸਦੇ ਨਹੀਂ ਵੇਖੇ ਗਏ। ਅਸੀਂ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀ ਕਿ ਜਿਸ ਘਰ ਵਿੱਚ ਜਨਾਨੀਆਂ ਵੀ ਸ਼ਰਾਬ ਪੀਣ ਲੱਗ ਜਾਣ ਫਿਰ ਉਹ ਘਰ ਉਜੜਿਆ ਹੀ ਸਮਝੋ ਪਰ ਹੁਣ ਤਾਂ ਪੰਜਾਬਣਾਂ ਸ਼ਰੇਆਮ ਪੈੱਗ ਲਾਉਣ ਵੀ ਅਤੇ ਨਸ਼ਾ ਵੇਚਣ ਵੀ ਲੱਗ ਪਈਆਂ ਹਨ ਹੁਣ ਪੰਜਾਬ ਦਾ ਕੀ ਹੋਵੇਗਾ ? ਸ਼ਰਾਬ ਨੂੰ ਤਾਂ ਪੰਜਾਬੀ ਨਸ਼ਾ ਹੀ ਨਹੀਂ ਸਮਝਦੇ ਪਰ ਹੈਰਾਨੀ ਵਾਲੀ ਗੱਲ ਹੈ ਕਿ ਇਹ ਵੀ ਹਜ਼ਾਰਾਂ ਘਰ ਬਰਬਾਦ ਕਰ ਰਹੀ ਹੈ। ਗਰੀਬ ਅਤੇ ਮਜ਼ਦੂਰ ਤਬਕਾ ਇਸ ਡੈਣ ਦੀ ਬਲੀ ਵੱਧ ਚੜ੍ਹ ਰਿਹਾ ਹੈ।

ਮੇਰਾ ‘ਰੰਗਲਾ ਪੰਜਾਬ’ ਹਰ ਸਾਲ 15 ਹਜ਼ਾਰ ਕਰੋੜ ਰੁਪਏ (7 ਹਜ਼ਾਰ ਕਰੋੜ ਜਾਇਜ਼ ਅਤੇ 7 ਹਜ਼ਾਰ ਕਰੋੜ ਰੁਪਏ ਤੋਂ ਵੱਧ ਨਜਾਇਜ਼) ਤੋਂ ਵੱਧ ਦੀ ਸ਼ਰਾਬ ਹੀ ਪੀ ਜਾਂਦਾ ਹੈ। ਇਹ ਰੁਝਾਨ ਬਹੁਤ ਹੀ ਖਤਰਨਾਕ ਹੈ। ਪਹਿਲਾਂ ਹੀ ਪੰਜਾਬ ‘ਚ ਬੇਰੁਜ਼ਗਾਰੀ ਕਾਰਨ ਜਵਾਨੀ ਕੁਰਾਹੇ ਪੈ ਚੁੱਕੀ ਹੈ। ਸੱਤਾ ਦੀ ਭੁੱਖ ਅਤੇ ਸੱਤਾ ਦੇ ਨਸ਼ੇ ਵਿੱਚ ਗਲਤਾਨ ਸਾਡੇ ਅਖੌਤੀ ਨੇਤਾ ਇਸ ਪਾਸੇ ਧਿਆਨ ਨਹੀਂ ਦੇਣਗੇ। ਨਸ਼ੇ ਦੀਆਂ ਜੜ੍ਹਾਂ ਵਿੱਦਿਅਕ, ਸਮਾਜਿਕ ਅਤੇ ਧਾਰਮਿਕ ਆਗੂਆਂ ਨੂੰ ਰਲਕੇ ਸਮੂਹਿਕ ਪੱਧਰ ‘ਤੇ ਪੋਹਲੀ ਵਾਂਗ ਪੁੱਟਕੇ ਸਾੜਨੀਆਂ ਪੈਣਗੀਆਂ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button