EDITORIAL

ਨਾਨਕ ਦੇ ਨਾਂ ‘ਤੇ ਠੱਗੀਆਂ, ਵੰਡ ਛਕਣਾ ਬਨਾਮ ਫ਼ੰਡ ਛਕਣਾ

WALKING WITH NANAK

ਅਮਰਜੀਤ ਸਿੰਘ ਵੜੈਚ (94178-01988) 

ਅੱਜ ਗੁਰੂ ਨਾਨਕ ਦੇਵ ਜੀ ਦਾ 553ਵਾਂ ਪ੍ਰਕਾਸ਼ ਪੁਰਬ ਹੈ ; ਗੁਰੂ ਸਾਹਿਬ ਨੇ  ਇਸ ਲੋਕਾਈ ਨੂੰ ਜੋ  ਨਾਮ ਜਪਣ, ਕਿਰਤ ਕਰਨ ਤੇ ਵੰਡ ਛਕਣ ਦਾ ਸੁਨੇਹਾ  ਦਿਤਾ ਸੀ ਉਹ ਹਰ ਯੁੱਗ ਵਿੱਚ ਸਾਰਥਕ ਤੇ ਕਾਰਗਰ ਰਹੇਗਾ । ਅੱਜ ਦੁਨੀਆਂ ਵਿੱਚ ਪੈਸੇ,ਪਦਵੀ ਤੇ ਸ਼ੌਹਰਤ ਦੀ ਦੌੜ ਲੱਗੀ ਹੋਈ ਹੈ ਪਰ ਹਰ ਮਨ ਦੇ ਅੰਦਰ ਅਸਥਿਰਤਾ ,ਲਾਲਾਚ ਤੇ ਈਰਖਾ ਭਰੀ ਪਈ ਹੈ।

ਜਿਨ੍ਹਾਂ ਕੋਈ ਵੱਡਾ ਓਨਾ ਹੀ ਉਸ ਦਾ ਲਾਲਾਚ ਵੀ ਵੱਡਾ ਹੁੰਦਾ ਹੈ । ਸਾਡੇ ਨਾਮ ਨਿਹਾਦ ਪੰਥਕ ਲੀਡਰ ਸਿਖ ਕੌਮ ਦੇ ਸਰਬਰਾਹ ਬਣਨ ਦੇ ਢੌਂਗ ਰਚਦੇ ਹਨ ਪਰ ਗੁਰੂ ਦੀਆਂ ਸਿਖਿਆਵਾਂ ਨੂੰ ਦੂਜਿਆਂ ਉਪਰ ਲਾਗੂ ਕਰਦੇ ਹਨ ਆਪਣੇ ਤੇ ਨਹੀਂ । ਕਿਸੇ ਕੋਲ਼ ਸੱਚ ਬੋਲਣ ਦਾ ਹੀਆ ਨਹੀਂ ਹੈ । ਸਾਰੇ ਲੀਡਰਾਂ ਨੂੰ ਆਪਣਾ ਪਾਲ਼ਾ ਹੀ ਮਾਰਦਾ ਹੈ ।

ਗੁਰੂ ਦੀ ਗੋਲਕ ਗਰੀਬ ਦਾ ਮੂੰਹ ਕਿਹਾ ਜਾਂਦਾ ਹੈ ਪਰ ਕੀ ਇਹ ਸੱਚਾਈ ਹੈ । ਗੁਰਦੁਆਰਿਆਂ ਉਪਰ ਕਬਜ਼ੇ ਕਰਨ ਲਈ ਤਲਵਾਰਾਂ ਤੇ ਗੋਲ਼ੀਆਂ ਚੱਲ ਰਹੀਆਂ ਹਨ, ਗੁਰਦੁਆਰਿਆਂ ‘ਚ  ਬੈਠੇ ਮਸੰਦ ਕੁਕੱਰਮ ਕਰ ਰਹੇ ਹਨ । ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਗੁੰਮ ਹੋਣ ਦੀ ਜਾਂਚ ਹਾਲੇ ਤੱਕ ਕਿਸੇ ਤਣ ਪੱਤਣ ਨਹੀਂ ਲੱਗੀ । ਪਿਛਲੇ ਵਰ੍ਹੇ ਜੈਤੋਂ ਦੇ ਇਕ ਗੁਰਦੁਆਰਾ ਸਾਹਿਬ ਦੇ ਪੁਰਾਣੇ ਖੂਹ ‘ਚੋਂ ਸ਼ਰਾਬ ਦੀਆਂ ਬੋਤਲਾਂ ਮਿਲ਼ੀਆਂ ਤੇ ਹੋਰ ਵੀ ਇਤਰਾਜ਼ਯੋਗ ਸਮੱਗਰੀ ਮਿਲ਼ੀ ਸੀ । ਗੋਲਕਾਂ ‘ਚੋਂ ਚੜ੍ਹਾਵਾ ਚੋਰੀ ਕਰਨ ਦੀਆਂ ਕਈ ਘਟਨਾਵਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਮਿਲ਼ ਜਾਣਗੀਆਂ ।  ਪਿਛਲੇ ਦਿਨੀ ਕਰਨਾਲ਼ ‘ਚ ਕੁਝ ਸਿਖੀ ਸਰੂਪ ‘ਚ ਬਜ਼ੁਰਗ ਇਕ ਘਰ ‘ਚ ਗੁਰਪੁਰਬ ਦੀ  ਉਗਰਾਹੀ ਲੈਣ ਦੇ ਬਹਾਨੇ ਇਕ ਬੀਬੀ ਕੋਲ਼ੋਂ 41 ਹਜ਼ਾਰ ਰੁ: ਲੁੱਟ ਕੇ ਲੈ ਗਏ ਜੋ ਬਾਦ ‘ਚ ਪੁਲਿਸ ਦੇ ਹੱਥੇ ਚੜ੍ਹ ਗਏ ।

ਹੁਣ ਐੱਸਜੀਪੀਸੀ ‘ਤੇ ਕਬਜ਼ੇ ਨੂੰ ਲੈਕੇ ਜਿਹੜੀ ਜੰਗ ਸ਼ੁਰੂ ਹੋਈ ਹੈ ਕੀ ਉਹ ਸਿਖ ਕੌਮ ਦੀ ਨਵੀਂ ਪੀੜ੍ਹੀ ਲਈ ਕੋਈ ਮਾਡਲ ਹੈ ? ਇਹ ਸੂਰਜ ਵਰਗਾ ਸੱਚ ਹੈ ਕਿ ਕਮੇਟੀ ‘ਤੇ  ਸ਼੍ਰੋਮਣੀ ਅਕਾਲੀ ਦਲ ਬਨਾਮ ਬਾਦਲ ਪਰਿਵਾਰ ਦਾ ਹਮੇਸ਼ਾ ਦਬਦਬਾ ਰਿਹਾ ਹੈ । ਜਿਹੜੇ ਲੀਡਰਾਂ ਨੂੰ ਪਾਰਟੀ ‘ਬੁਰਕੀ’ ਪਾ ਦਿੰਦੀ ਰਹੀ ਹੈ ਉਹ ਚੁੱਪਚਾਪ ‘ਮਲਾਈਆਂ’ ਖਾਂਦੇ ਰਹੇ ਹਨ ਪਰ ਜਦੋਂ ਪਾਰਟੀ ਨਾਹ ਕਰ ਦਵੇ ਤਾਂ ਫਿਰ ਓਹੀ ਲੀਡਰ ਪੋਤੜੇ ਫੋਲਣ ਲੱਗ ਪੈਂਦੇ ਹਨ । ਅੱਜ ਜੋ ਕਮੇਟੀ ਦੇ ਪ੍ਰਧਾਨ ਦੀ ਚੋਣ ਨੂੰ ਲੈਕੇ ਘਮਾਸਾਨ ਸ਼ੁਰੂ ਹੋਇਆ ਹੈ ਉਸ ਦਾ ਅਰਥ ਸਪੱਸ਼ਟ ਕੰਧ ‘ਤੇ ਲਿਖਿਆ ਹੋਇਆ ਹੈ ਕਿ ਕਿਸੇ ਨੂੰ ਪੰਥ ਦਾ ਕੋਈ ਫ਼ਿਕਰ ਨਹੀਂ ਸਿਰਫ਼ ਸਭ ਨੂੰ ਗੋਲਕ ਹੀ ਦਿਸਦੀ ਹੈ ਤੇ ਉਸ ਗੋਲਕ ਵਿੱਚੋਂ ਸਿਖ ਵੋਟਰ ਦੇ ਕੰਧੇੜੇ ਚੜ੍ਹਕੇ ਸੱਤ੍ਹਾ ਤੱਕ ਪਹੁੰਚਣ ਦਾ ਰਾਹ ਹੀ ਇਨ੍ਹਾਂ ਲੀਡਰਾਂ ਲਈ ‘ਸਿਖ ਪੰਥ ਦੀ ਚੜ੍ਹਦੀ ਕਲਾ’ ਹੈ ।

ਇਹ ਲੀਡਰ ਗੱਲ ਬਾਬੇ ਨਾਨਕ ਦੀ ਕਰਦੇ ਹਨ ਜਿਸਨੇ ਕਿਰਤ ਕਰਨ , ਨਾਮ ਜਪਣ ਤੇ ਵੰਡ ਸ਼ਕਣ ਦਾ ਸੰਦੇਸ਼ ਸਾਰੀ ਲੁਕਾਈ ਨੂੰ ਦਿਤਾ ਸੀ  ਪਰ ਆਪ ਸਾਡੇ ਧਾਰਮਿਕ ਤੇ ਪੰਥਕ ਲੀਡਰ ਕੀ ਕਰ ਰਹੇ ਹਨ  ਕਿਸ ਤੋਂ ਲੁਕਿਆ ਹੋਇਆ ਹੈ ? ਪਿਛਲੇ 75 ਸਾਲਾਂ ‘ਚ ਸਿਖਾਂ ਦੀ ਨਵੀਂ ਪੀੜ੍ਹੀ ਸਿਖੀ ਸਰੂਪ ਤੋਂ ਮੁਨਕਰ ਹੋ ਰਹੀ ਹੈ ਤੇ ਗੁਰਮੁਖੀ ਦੀ ਥਾਂ ਰੋਮਨ ‘ਚ ਪੰਜਾਬੀ ਲਿਖਣ ਲੱਗੀ ਹੈ । ਨਵੀਂ ਪੀੜ੍ਹੀ  ਵਾਲ਼ੇ ਗੁਰਦੁਆਰਾ ਸਾਹਿਬਾਨ ‘ਚ ਸਿਰਫ਼ ਬੰਨ੍ਹੇ-ਬਨ੍ਹਾਏ ਹੀ ਜਾਂਦੇ ਹਨ ਜਾਂ ਫਿਰ ਸਿਰਫ਼ ਲੰਗਣ ਛਕਣ  । ਇਹ ਹਾਲ ਬਾਕੀ ਵੱਡੀ ਸਿਖ ਗਿਣਤੀ ਦਾ ਹੀ ਹੈ । ਕੋਈ ਚੰਗਾ ਵਕਤਾ ਗੁਰਬਾਣੀ ਦਾ ਵਿਖਿਆਨ ਕਰਦਾ ਹੋਵੇ ਤਾਂ ਸੰਗਤਾਂ ਵਾਰ-ਵਾਰ ਘੜੀ ਵੱਲ ਵੇਖੀ ਜਾਣਗੀਆਂ ਤੇ ਧਿਆਨ ਲੰਗਰ ਵਾਲ਼ੇ ਪਾਸਿਓਂ  ਦਾਲ਼ ਦੀਆਂ ਆਉਂਦੀਆਂ ਖੁਸ਼ਬੋਆਂ ਵੱਲ ਹੀ ਭਟਕਿਆ ਰਹਿੰਦਾ ਹੈ । ਕਦੇ ਕਿਸੇ ਗੁਰਪੁਰਬ ‘ਚੋਂ ਲੰਗਰ ਮਨਫ਼ੀ ਕਰਕੇ ਵੇਖ ਲਓ  ਫਿਰ ਵੇਖ ਲੈਣਾ ਕਿ ਕਿਨੀ ਕੁ ਸੰਗਤ ਆਵੇਗੀ ।

ਸਾਡੇ ਇਨ੍ਹਾਂ ਬਦਨੀਤੇ ਲੀਡਰਾਂ ਤੇ ਅਖੌਤੀ ਧਾਰਮਿਕ ਪਾਖੰਡੀਆਂ ਦਾ ਹੀ ਨਤੀਜਾ ਹੈ ਕਿ ਸਿਖ ਧਰਮ ‘ਚੋ ਲੋਕ ਨਿਖੜ-ਨਿਖੜ ਕੇ ਵੱਖਰੇ ਮੱਠ,ਡੇਰੇ,ਆਸ਼ਰਮ,ਧੂਣੇ,ਸੱਤਸੰਗ ਆਦਿ ਬਣਾ ਰਹੇ ਹਨ । ਗੁਰੂ ਸਾਹਿਬ ਨੇ ਉਸ ਵਕਤ ਹਿੰਦੂ ਧਰਮ ‘ਚ ਕੁਝ ਖਾਸ ਲੋਕਾਂ ਵੱਲੋਂ ਕੀਤੇ ਕਬਜ਼ੇ ਵਿਰੁਧ ਆਵਾਜ਼ ਉਠਾਕੇ ਕਿਹਾ ਸੀ ਕਿ ‘ੴ’ ! ਭਾਵ ਰੱਬ/ਪ੍ਰਮਾਤਮਾ/ਖ਼ੁਦਾ ਸੱਭ ਇਕ ਹੈ । ਅੱਜ ਸਿਖ ਧਰਮ ਵੀ ਓਸੇ ਹੀ ਥਾਂ ਆ ਖੜਾ ਹੋਇਆ ਹੈ ਜਿਸ ਥਾਂ ਤੋਂ ਪਹਿਲਾਂ ਗੁਰੂ ਨਾਨਕ ਨੇ ਇਕ ਨਵੇਂ ਯੁੱਗ ਲਈ ਸੁਨੇਹਾ ਦਿਤਾ ਸੀ । ਪਾਕਿਸਤਾਨ ਦੇ  ਲੇਖਕ ਹਰੂਨ ਖ਼ਾਲਿਦ ਆਪਣੀ ਕਿਤਾ ‘WALKING WITH NANAK ‘ ਵਿੱਚ ਲਿਖਦੇ ਹਨ ਕਿ ਬਾਬਾ ਨਾਨਕ  ਬੇਬਾਕੀ ਨਾਲ਼ ਧਾਰਮਿਕ ਪਖੰਡਾਂ (organised religion) ਦੇ ਖ਼ਿਲਾਫ਼ ਬੋਲਦੇ ਸਨ ਪਰ ਅੱਜ ਓਸੇ ਹੀ ਨਾਨਕ ਦਾ ਚਲਾਇਆ ਹੋਇਆ ਧਰਮ ਦੁਨੀਆਂ ਦੇ ਸਭ ਧਰਮਾਂ ‘ਚੋਂ ਸੱਭ ਤੋਂ ਵੱਧ ਧਾਰਮਿਕ ਪਖੰਡਾਂ ਵਾਲਾ ਧਰਮ ਬਣ ਚੁਕਿਆ ਹੈ ।

                                 ਕਿਨੇ ਕੁ ਲੀਡਰਾਂ ‘ਚ ਬਾਬੇ ਨਾਨਕ ਵਾਂਗ ਸੱਚ ਬੋਲਣ ਦੀ ਹਿੰਮਤ ਹੈ ।

                             ਰਾਜੇ ਸੀਹ ਮੁਕਦਮ ਕੁਤੇ । ਜਾਇ ਜਗਾਇਨ ਬੈਠੇ  ਸੁਤੇ । (ਅੰਗ-1288)  ।

ਬਾਬੇ ਨੇ ਸ੍ਰੀ ਕਰਤਾਰਪੁਰ ਸਾਹਿਬ ‘ਚ ਜ਼ਿੰਦਗੀ ਦੇ ਪਿਛਲੇ 18 ਵਰ੍ਹੇ ਖੇਤੀ ਰਾਹੀਂ ਕਿਰਤ ਕਰਨ ਦਾ ਸੰਦੇਸ਼ ਦਿਤਾ ਪਰ ਅੱਜ ਸਿਖ ਪੰਥ ਦੇ ‘ਸਰਬਰਾਹ’ ਕੀ ਕਰ ਰਹੇ ਹਨ .. ਗੋਲਕਾਂ ‘ਤੇ ਨਜ਼ਰਾਂ ਲਾਈ ਬੈਠੇ ਹਨ , ਸ਼ਰਾਬ ਦੇ ਠੇਕੇ ਖੋਲ੍ਹੇ ਜਾ ਰਹੇ ਹਨ, ਕਿਸਾਨਾਂ ਦੀ ਹਾਲਤ ਬਦਤਰ ਹੋ ਰਹੀ ਹੈ, ਮਜ਼ਦੂਰ ਦੀ ਕਿਰਤ ਦਾ ਮੁੱਲ ਨਹੀਂ ਪੈ ਰਿਹਾ, ਖੂਨ ‘ਚ  ਨਸ਼ੇ ਘਰ ਕਰ ਗਏ ਹਨ , ਠੱਗੀਆਂ ਠੋਰੀਆਂ ਹੋ ਰਹੀਆਂ ਹਨ, ਧਾਰਮਿਕ ਵੰਡੀਆਂ ਪਾਈਆਂ ਜਾ ਰਹੀਆਂ ਹਨ, ਵਾਤਾਵਰਣ ‘ਚ ਜ਼ਹਿਰਾਂ ਘੋਲ਼ ਰਹੀਆਂ ਹਨ , ਅੋਰਤਾਂ ਦੀ ਸਮਾਜਿਕ ਸੁਰੱਖਿਆ ਖਤਰੇ ‘ਚ ਹੈ , ਗੁੰਡਾ ਗਰਦੀ ਸਿਖਰਾਂ ‘ਤੇ ਹੈ …ਪਰ ਅਸੀ ਹਾਲੇ ਵੀ ਬਾਬੇ ਦੇ ਸਿਖ ਹੋਣ ਦੇ ਡਰਾਮੇ ਕਰ ਰਹੇ ਹਾਂ ।

                                              ਭਾਈ ਗੁਰਦਾਸ ਲ਼ਿਖਦੇ ਹਨ ।

                             ‘ਪੁਛਨਿ ਫੋਲਿ ਕਿਤਾਬ ਨੋ, ਹਿੰਦੂ ਵਡਾ ਕਿ ਮੁਸਲਮਨੋਈ ?

                              ਬਾਬਾ ਆਖੇ ਹਾਜੀਆ ਸੁਭਿ ਅਮਲਾ ਬਾਝਹੁ ਦੋਨੋ ਰੋਈ । ‘

ਅੱਜ ਕਿਨੇ ਕੁ ਸਾਡੇ ‘ਚੋ ਸਿਖ  ਤੇ ਸਾਡੇ ਲੀਡਰ ਹਨ ਜੋ ਇਨ੍ਹਾ ਪੰਕਤੀਆਂ ਦੇ ਸਾਹਵੇਂ ਖੜਕੇ ਆਪਣੇ ਆਪ ਨੂੰ ਸਿਖ ਕਹਿਣ ਦੇ ਹੱਕਦਾਰ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button