ਈਰਾਨ ’ਤੇ ਨਵੀਆਂ ਅਮਰੀਕੀ ਆਰਥਿਕ ਪਾਬੰਦੀਆਂ ਦਾ ਖ਼ਦਸ਼ਾ, ਵਧਿਆ ਤਣਾਅ; ਅਰਾਘਚੀ ਬੋਲੇ- ਆਰਥਿਕ ਜੰਗ ’ਚ ਵੀ ਹਾਰੇਗਾ ਅਮਰੀਕਾ

ਈਰਾਨ ’ਤੇ ਦਬਾਅ ਵਧਾਉਣ ਦੀ ਲੜੀ ਵਿਚ ਅਮਰੀਕਾ ਨੇ ਤਹਿਰਾਨ ’ਤੇ ਸੋਮਵਾਰ ਨੂੰ ਨਵੀਆਂ ਸਖ਼ਤ ਆਰਥਿਕ ਪਾਬੰਦੀਆਂ ਲਾਗੂ ਕਰਨ ਦੀ ਚੇਤਾਵਨੀ ਦੇ ਦਿੱਤੀ ਹੈ। ਇਸ ਨੂੰ ਲੈ ਕੇ ਦੋਵਾਂ ਪੱਖਾਂ ਵਿਚਕਾਰ ਤਣਾਅ ਵਧਦਾ ਜਾ ਰਿਹਾ ਹੈ। ਰਾਇਟਰ ਅਨੁਸਾਰ, ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਕਿਹਾ ਹੈ ਕਿ ਪਾਬੰਦੀਆਂ ਦੀ ਧੌਂਸ ਹੁਣ ਪੁਰਾਣੀ ਹੋ ਚੁੱਕੀ ਹੈ ਅਤੇ ਅਸੀਂ ਇਨ੍ਹਾਂ ਨਾਲ ਨਜਿੱਠਣਾ ਸਿੱਖ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਨੂੰ ਆਰਥਿਕ ਮੋਰਚੇ ’ਤੇ ਵੀ ਈਰਾਨ ਦੇ ਹੱਥੋਂ ਹਾਰਨਾ ਪਵੇਗਾ।
ਈਰਾਨ ਦੀ ਅਰਥਵਿਵਸਥਾ ਪਹਿਲਾਂ ਹੀ ਅੰਤਰਰਾਸ਼ਟਰੀ ਪਾਬੰਦੀਆਂ ਦੇ ਚਲਦਿਆਂ ਦਬਾਅ ਵਿਚ ਹੈ। ਯੁੱਧ ਦੌਰਾਨ ਈਰਾਨ ਦੇ ਬੁਨਿਆਦੀ ਢਾਂਚੇ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਅਤੇ ਹਜ਼ਾਰਾਂ ਲੋਕ ਹਮਲਿਆਂ ਵਿਚ ਮਾਰੇ ਵੀ ਗਏ ਹਨ। ਇਨ੍ਹਾਂ ਸਭ ਦੇ ਬਾਵਜੂਦ ਬੀਤੇ ਛੇ ਮਹੀਨਿਆਂ ਦੌਰਾਨ ਤਹਿਰਾਨ ਪੂਰੀ ਤਰ੍ਹਾਂ ਡਟਿਆ ਰਿਹਾ ਅਤੇ ਹੋਰਮੁਜ਼ ਸਟ੍ਰੇਟ ਬੰਦ ਕਰ ਕੇ ਸਭ ਤੋਂ ਅਹਿਮ ਸਮੁੰਦਰੀ ਮਾਰਗ ਨਾਲ ਊਰਜਾ ਸਪਲਾਈ ਨੂੰ ਬਹੁਤ ਪ੍ਰਭਾਵਿਤ ਰੱਖਣ ਵਿਚ ਸਫਲ ਰਿਹਾ। ਇਸ ਦੇ ਚਲਦਿਆਂ ਕੱਚੇ ਤੇਲ ਦੀਆਂ ਕੀਮਤਾਂ 95 ਡਾਲਰ ਦੇ ਆਸਪਾਸ ਪਹੁੰਚ ਗਈਆਂ ਹਨ।
ਅਮਰੀਕੀ ਵਣਜ ਮੰਤਰੀ ਸਕਾਟ ਬੇਸੈਂਟ ਵੱਲੋਂ ਸੋਮਵਾਰ ਨੂੰ ਨਵੀਆਂ ਆਰਥਿਕ ਪਾਬੰਦੀਆਂ ਦੇ ਐਲਾਨ ਤੋਂ ਪਹਿਲਾਂ ਈਰਾਨ ਦੇ ਵਿਦੇਸ਼ ਮੰਤਰੀ ਅਰਾਘਚੀ ਨੇ ਟੈਲੀਗ੍ਰਾਮ ਚੈਨਲ ’ਤੇ ਇੱਕ ਵੀਡੀਓ ਪੋਸਟ ਕਰ ਕੇ ਕਿਹਾ ਕਿ ਫ਼ੌਜੀ ਮੁਹਿੰਮ ਤੋਂ ਹਟ ਕੇ ਆਰਥਿਕ ਪਾਬੰਦੀਆਂ ਵੱਲ ਵਧਣਾ ਅਮਰੀਕਾ ਦਾ ਪੁਰਾਣਾ ਪੈਂਤੜਾ ਹੈ ਅਤੇ ਇਹ ਦਿਖਾਉਂਦਾ ਹੈ ਕਿ ਟਰੰਪ ਪ੍ਰਸ਼ਾਸਨ ਬੇਚੈਨ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਨੂੰ ਈਰਾਨ ਨਾਲ ਸਨਮਾਨਜਨਕ ਤਰੀਕੇ ਨਾਲ ਗੱਲ ਕਰਨੀ ਚਾਹੀਦੀ ਹੈ ਤੇ ਨਿਆਂ ਅਤੇ ਸਨਮਾਨ ’ਤੇ ਆਧਾਰਿਤ ਹੱਲ ਲੱਭਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਈਰਾਨ ਕਦੇ ਡਰਦਾ ਨਹੀਂ ਹੈ। ਅਮਰੀਕਾ ਦੇ ਸਾਰੇ ਹਥਕੰਡੇ, ਭਾਵੇਂ ਉਹ ਨਾਕਾਬੰਦੀ ਹੋਵੇ ਜਾਂ ਕੋਈ ਹੋਰ ਫ਼ੌਜੀ ਗਤੀਵਿਧੀ, ਸਾਰੇ ਅਸਫ਼ਲ ਹੋਏ ਹਨ ਅਤੇ ਇਹ ਨਵਾਂ ਮਾਮਲਾ ਵੀ ਉਸੇ ਤਰ੍ਹਾਂ ਅਸਫ਼ਲ ਸਾਬਤ ਹੋਵੇਗਾ।
ਪੱਛਮੀ ਏਸ਼ੀਆ ਵਿਚ ਤਣਾਅ ਵਧਣ ਦੇ ਮੱਦੇਨਜ਼ਰ ਪਾਕਿਸਤਾਨ ਦੇ ਫ਼ੌਜ ਮੁੱਖੀ ਆਸਿਮ ਮੁਨੀਰ ਅਮਰੀਕਾ-ਈਰਾਨ ਵਿਚਕਾਰ ਗੱਲਬਾਤ ਫਿਰ ਤੋਂ ਸ਼ੁਰੂ ਕਰਾਉਣ ਦੀਆਂ ਸੰਭਾਵਨਾਵਾਂ ਤਲਾਸ਼ਣ ਸੋਮਵਾਰ ਨੂੰ ਤਹਿਰਾਨ ਦੇ ਦੌਰੇ ’ਤੇ ਜਾਣਗੇ।ਈਰਾਨ ਸੰਸਦ ਦੇ ਮੁਖੀ ਐੱਮਬੀ ਗਲੀਬਾਫ਼ ਨੇ ਕਿਹਾ ਹੈ ਕਿ ਤਹਿਰਾਨ ਨੂੰ ਗੁਆਂਢੀ ਦੇਸ਼ਾਂ ਤੋਂ ਤਮਾਮ ਸੁਨੇਹੇ ਮਿਲੇ ਹਨ, ਜਿਸ ਵਿਚ ਉਹ ਨਵੀਂ ਖੇਤਰੀ ਸੁਰੱਖਿਆ ਵਿਵਸਥਾ ਅਤੇ ਆਰਥਿਕ ਸਹਿਯੋਗ ਸ਼ੁਰੂ ਕਰਨ ’ਤੇ ਜ਼ੋਰ ਦੇ ਰਹੇ ਹਨ। ਹਾਲਾਂਕਿ, ਉਨ੍ਹਾਂ ਨੇ ਉਨ੍ਹਾਂ ਦੇਸ਼ਾਂ ਦਾ ਨਾਮ ਨਹੀਂ ਦੱਸਿਆ। ਉਨ੍ਹਾਂ ਨੇ ਦੋਸ਼ ਲਾਇਆ ਕਿ ਇਜ਼ਰਾਈਲ ਦੀ ਖਾਤਿਰ ਅਮਰੀਕਾ ਨੇ ਆਪਣੇ ਸਹਿਯੋਗੀਆਂ ਦੀ ਸੁਰੱਖਿਆ ਨੂੰ ਦਾਅ ’ਤੇ ਲਾ ਦਿੱਤਾ ਹੈ। ਇਸ ਦੇ ਚਲਦਿਆਂ ਸੁਤੰਤਰ ਅਤੇ ਘਰੇਲੂ ਪੱਧਰ ’ਤੇ ਤਿਆਰ ਖੇਤਰੀ ਵਿਵਸਥਾ ਸ਼ਾਂਤੀ ਅਤੇ ਸੁਰੱਖਿਆ ਵਧਾ ਸਕਦੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




