

ਨਵੀਂ ਦਿੱਲੀ : ਦਿੱਲੀ ਦੀ ਪਟਿਆਲਾ ਹਾਊਸ ਕੋਰਟ ਦੇ ਜੱਜ ਅਜੈ ਪਾਂਡੇ ਨੇ ਇਤਿਹਾਸਕ ਫੈਸਲਾ ਸੁਣਾਉਂਦੇ ਹੌਏ 1984 ਸਿੱਖ ਕਤਲੇਆਮ ਦੇ ਇੱਕ ਮਾਮਲੇ ’ਚ ਯਸ਼ਪਾਲ ਸਿੰਘ ਅਤੇ ਨਰੇਸ਼ ਸ਼ਹਿਰਾਵਤ ਨੂੰ ਮੁਜਰਮ ਕਰਾਰ ਦਿੱਤਾ ਹੈ। ਮੁਲਜ਼ਮ ਕਰਾਰ ਦੇਣ ਤੋਂ ਬਾਅਦ ਦੋਵਾਂ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਕੇ ਤਿਹਾੜ ਜੇਲ੍ਹ ਭੇਜ ਦਿੱਤਾ ਹੈ। ਦੋਵਾਂ ਨੂੰ 15 ਨਵੰਬਰ ਨੂੰ ਸਜਾ ਸੁਣਾਈ ਜਾਏਗੀ। ਇਸ ਮਾਮਲੇ ‘ਚ ਹਰਦੇਵ ਸਿੰਘ ਦੇ ਵੱਡੇ ਭਰਾ ਸੰਤੋਖ ਸਿੰਘ ਨੇ ਜਸਟਿਸ ਰੰਗਨਾਥ ਮਿਸ਼ਰਾ ਦੇ ਸਾਹਮਣੇ 9 ਸਤੰਬਰ 1985 ਨੂੰ ਹਲਫ਼ਨਾਮਾ ਦਾਇਰ ਕਰਕੇ ਮਾਮਲੇ ਬਾਰੇ ਸਾਰੀ ਜਾਣਕਾਰੀ ਦਿੱਤੀ ਸੀ ਪਰ ਉਸ ਵੇਲੇ ਧਰਮਪਾਲ ਅਤੇ ਨਰੇਸ਼ ਨੇ ਉਸਨੂੰ ਰਿਵਾਲਵਰ ਦਿਖਾ ਕੇ ਚੁੱਪ ਕਰਾ ਦਿੱਤਾ ਸੀ।
Read Also ’84 ਸਿੱਖ ਕਤਲੇਆਮ ਮਾਮਲੇ ‘ਚ ਸੱਜਣ ਕੁਮਾਰ ਨੂੰ ਹੋ ਸਕਦੀ ਹੈ ਜੇਲ੍ਹ
ਜਿਸ ਤੋਂ ਬਾਅਦ ਜਸਟਿਸ ਜੇ.ਡੀ.ਜੈਨ ਅਤੇ ਡੀ.ਕੇ. ਅੱਗਰਵਾਲ ਦੀ ਕਮੇਟੀ ਦੀ ਸਿਫ਼ਾਰਸ ’ਤੇ ਐਫ.ਆਈ.ਆਰ. ਨੰਬਰ 141/1993 ਮਿਤੀ 20 ਅਪ੍ਰੈਲ 1993 ਨੂੰ ਦਰਜ ਕੀਤੀ ਗਈ ਸੀ। ਇਸ ਤੋਂ ਬਾਅਦ ਮੌਜੂਦਾ ਕੇਂਦਰ ਸਰਕਾਰ ਵੱਲੋਂ 2015 ’ਚ ਬਣਾਈ ਗਈ ਐਸ.ਆਈ.ਟੀ. ਦੇ ਸਾਹਮਣੇ ਦਿੱਲੀ ਕਮੇਟੀ ਵੱਲੋਂ ਇਸ ਮਾਮਲੇ ਨੂੰ ਰੱਖਿਆ ਗਿਆ। ਜਿਸ ਦੇ ਨਤੀਜੇ ਵੱਜੋਂ 34 ਸਾਲ ਪੁਰਾਣੇ ਮਾਮਲੇ ’ਚ 2 ਬੰਦੇ ਦੋਸ਼ੀ ਕਰਾਰ ਦਿੱਤੇ ਗਏ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕੋਰਟ ਦੇ ਫੈਸਲੇ ਦਾ ਸੁਆਗਤ ਕਰਦੇ ਹੋਏ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਮੰਗ ਕੀਤੀ।
ਇਸ ਮੌਕੇ ਇਸ ਮਾਮਲੇ ਦੇ ਗਵਾਹ ਤ੍ਰਿਲੋਕ ਸਿੰਘ, ਸੰਗਤ ਸਿੰਘ, ਕੁਲਦੀਪ ਸਿੰਘ, ਦਿੱਲੀ ਕਮੇਟੀ ਮੈਂਬਰ ਚਮਨ ਸਿੰਘ, ਵਿਕਰਮ ਸਿੰਘ ਰੋਹਿਣੀ ਅਤੇ ਕਾਨੂੰਨੀ ਵਿਭਾਗ ਦੇ ਚੇਅਰਮੈਨ ਜਸਵਿੰਦਰ ਸਿੰਘ ਜੌਲੀ ਮੌਜੂਦ ਸਨ। ਇੰਦਰਾ ਗਾਂਧੀ ਦੇ ਕਤਲ ਉਪਰੰਤ ਦਿੱਲੀ ਵਿਖੇ ਹੋਏ ਸਿੱਖ ਕਤਲੇਆਮ ਦੌਰਾਨ ਮਹਿਪਾਲਪੁਰ ਵਿਖੇ ਹਰਦੇਵ ਸਿੰਘ ਤੇ ਅਵਤਾਰ ਸਿੰਘ ਦਾ ਕਤਲ ਅਤੇ ਸੰਗਤ ਸਿੰਘ ਤੇ ਕੁਲਦੀਪ ਸਿੰਘ ਨੂੰ ਭੀੜ ਨੇ ਫੱਟੜ ਕਰਕੇ ਇਨ੍ਹਾਂ ਦੀਆਂ ਦੁਕਾਨਾਂ ਨੂੰ ਅੱਗ ਲਗਾ ਦਿੱਤੀ ਸੀ। ਅਵਤਾਰ ਸਿੰਘ ਫੋਜ਼ ’ਚ ਕੰਮ ਕਰਦਾ ਸੀ ਅਤੇ ਅਵਤਾਰ ਸਿੰਘ ਦਾ ਗੁਆਂਡੀ ਸੀ।
