DIASPORA DIALOUGE

ਬਾਬਾ ਸੋਹਣ ਸਿੰਘ ਭਕਨਾ ਅਤੇ ਗ਼ਦਰ ਲਹਿਰ

ਅਮਰਜੀਤ ਸਿੰਘ ਵੜੈਚ
(94178-01988)

ਪੰਜਾਬੀ ਹਮੇਸ਼ਾ ਹੌਂਸਲੇ, ਦਲੇਰੀ ਅਤੇ ਦਰਿਆ ਦਿੱਲੀ ਕਰਕੇ ਜਾਣੇ ਜਾਂਦੇ ਹਨ। ਭਾਰਤ ਦੀ ਆਜ਼ਾਦੀ ਵਿੱਚ ਵੀ ਪੰਜਾਬੀਆਂ ਨੇ ਜਾਨਾਂ ਵਾਰ ਕੇ ਅਤੇ ਆਪਣੀਆਂ ਜਾਇਦਾਦਾਂ ਜ਼ਬਤ ਕਰਵਾਉਣ ਵਿੱਚ ਵੀ ਜ਼ਰਾ ਹਿਚਕਚਾਹਟ ਨਹੀਂ ਵਿਖਾਈ ਬਸ ਇੱਕੋ ਸੁਪਨਾ ਸੀ ਕਿ ਦੇਸ਼ ਨੂੰ ਅੰਗਰੇਜ਼ਾਂ ਦੀ ਗ਼ੁਲਾਮੀ ਵਿੱਚੋਂ ਆਜ਼ਾਦ ਕਰਵਾਉਣਾ ਸੀ । ਆਜ਼ਾਦੀ ਸੰਗਰਾਮ ਵਿੱਚ ਪੰਜਾਬ ਦੇ ਕਈ ਯੋਧਿਆਂ ਦੇ ਨਾਮ ਸੁਨਿਹਰੀ ਅੱਖਰਾਂ ਵਿੱਚ ਲਿਖੇ ਹੋਏ ਹਨ। ਇਨ੍ਹਾਂ ਵਿੱਚ ਇਕ ਨਾਮ ਹੈ ਬਾਬਾ ਸੋਹਣ ਸਿੰਘ ਭਕਨਾ ਜਿਨ੍ਹਾਂ ਨੂੰ ਗ਼ਦਰ ਲਹਿਰ ਦਾ ਮੋਹਰੀ ਹੋਣ ਦਾ ਮਾਣ ਦਿੱਤਾ ਜਾਂਦਾ ਹੈ।

ਆਜ਼ਾਦੀ ਦੀ ਲੜਾਈ ਜਿਥੇ ਦੇਸ਼ ਵਿੱਚ ਰਹਿਕੇ ਬਹੁਤ ਦੇਸ਼ ਭਗਤ ਲੜ ਰਹੇ ਸੀ ਉਥੇ ਬਹੁਤ ਸਾਰੇ ਪੰਜਾਬੀ ਅਮਰੀਕਾ ਵਿੱਚ ਪਹੁੰਚ ਕੇ ਉਥੋਂ ਇਸ ਲੜਾਈ ਨੂੰ ਪਰਚੰਡ ਕਰਦੇ ਰਹੇ। ਬਾਬਾ ਸੋਹਨ ਸਿੰਘ ਭਕਨਾ ਅੰਮ੍ਰਿਤਸਰ ਦੇ ਪਿੰਡ ਖੁਤਰਾਲ ਖੁਰਦ ਦੇ ਰਹਿਣ ਵਾਲੇ ਸਨ ਜੋ ਇਨ੍ਹਾਂ ਦੇ ਨਾਨਕਿਆਂ ਦਾ ਪਿੰਡ ਸੀ। ਭਕਨਾ ਜੀ ਦਾ ਜਨਮ 22 ਜਨਵਰੀ 1870 ਨੂੰ ਹੋਇਆ। ਜਿਉਂ-ਜਿਉਂ ਸੋਹਨ ਸਿੰਘ ਵੱਡਾ ਹੁੰਦਾ ਗਿਆ ਤਿਉਂ-ਤਿਉਂ ਹੀ ਉਸ ਦੀ ਸਮਝ ਤੇਜ਼ ਹੁੰਦੀ ਗਈ। ਉਨ੍ਹਾਂ ਪੜਾਈ ਸਿਰਫ ਪੰਜਵੀਂ ਤੱਕ ਹੀ ਕੀਤੀ ਸੀ।

ਸੰਨ 1900 ਵਿੱਚ ਕਿਸਾਨ ਲਹਿਰ ਵਿੱਚ ਸ਼ਾਮਿਲ ਹੋ ਗਏ ਅਤੇ 1906-1907 ਵਿੱਚ ਜੋ ਅੰਗਰੇਜ਼ਾਂ ਨੇ ਕਿਸਾਨਾਂ ਖਿਲਾਫ਼ ਕਾਨੂੰਨ ਲਿਆਂਦੇ, ਉਨ੍ਹਾਂ ਵਿਰੁੱਧ ਲੜਨ ‘ਚ ਇਨ੍ਹਾਂ ਬਹੁਤ ਵੱਡੀ ਭੂਮਿਕਾ ਨਿਭਾਈ। ਪੰਜਾਬ ਵਿੱਚ ਕਿਸਾਨਾਂ ਦਾ ਇਹ ਪਹਿਲਾ ਅੰਦੋਲਨ ਸੀ ਜਿਸ ਨੇ ਅੰਗਰੇਜ਼ਾਂ ਨੂੰ ਆਪਣੇ ਕਾਨੂੰਨ ਵਾਪਸ ਲੈਣ ਲਈ ਮਜ਼ਬੂਰ ਕਰ ਦਿੱਤਾ ਸੀ। ਅੰਗਰੇਜ਼ੀ ਹਕੂਮਤ ਦੀਆਂ ਨੀਤੀਆਂ ਕਾਰਨ ਭਾਰਤੀ ਲੋਕ ਬਹੁਤ ਤੰਗ ਆ ਚੁੱਕੇ ਸਨ ਅਤੇ ਦੇਸ਼ ਵਿੱਚ ਬ੍ਰਿਿਟਸ਼ ਸਰਕਾਰ ਦੇ ਵਿਰੋਧ ਦੀਆਂ ਆਵਾਜ਼ਾਂ ਉੱਚੀਆਂ ਹੋ ਰਹੀਆਂ ਸਨ।

ਸੋਹਨ ਸਿੰਘ ਜੀ 1909 ਵਿੱਚ ਦੋ ਮਹੀਨੇ ਸਮੁੰਦਰੀ ਜਹਾਜ਼ ਦਾ ਸਫ਼ਰ ਕਰਨ ਮਗਰੋਂ ਅਪ੍ਰੈਲ 1909 ਵਿੱਚ ਅਮਰੀਕਾ ਦੇ ਸ਼ਹਿਰ ਸੀਐਟਲ ਪਹੁੰਚ ਗਏ। ਹੋਰ ਵੀ ਬਹੁਤ ਭਾਰਤੀ ਅਮਰੀਕਾ ਪਹੁੰਚ ਰਹੇ ਸਨ। ਇਨ੍ਹਾਂ ਵਿੱਚੋਂ ਬਹੁਤੇ ਲਕੜ ਦੇ ਆਰਿਆਂ, ਫੈਕਟਰੀਆਂ ਅਤੇ ਖੇਤਾਂ ਵਿੱਚ ਕੰਮ ਕਰਦੇ ਸਨ। ਬਾਬਾ ਭਕਨਾ ਜੀ ਨੇ ਅਮਰੀਕਾ ਵਿੱਚ ਭਾਰਤੀਆਂ ਨੂੰ ਲਾਮਬੰਦ ਕਰਨਾ ਸ਼ੁਰੂੂ ਕੀਤਾ ਅਤੇ ਪੈਸੇਫਿਕ ਕੋਸਟ ਹਿੰਦੂ ਐਸੋਸੀਏਸ਼ਨ ਬਣਾਈ ਜੋ ਬਾਅਦ ਵਿੱਚ ਗ਼ਦਰ ਪਾਰਟੀ ਦੇ ਨਾਮ ਨਾਲ ਜਾਣੀ ਜਾਣ ਲੱਗੀ। ਔਕਸਫੋਰਡ ਯੂਨੀਵਰਸਿਟੀ ਦੇ ਪੜ੍ਹੇ ਲਾਲਾ ਹਰਦਿਆਲ ਭਾਰਤ ਛੱਡ ਕੇ 1911 ‘ਚ ਅਮਰੀਕਾ ਪਹੁੰਚ ਗਏ।

ਸਾਰੇ ਗ਼ਦਰੀਆਂ ਨੇ ਰਲ ਕੇ 1 ਨਵੰਬਰ 1913 ਨੂੰ ‘ਗਦਰ’ ਨਾਮਕ ਪੇਪਰ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ। ਪਹਿਲਾਂ ਇਹ ਪੇਪਰ ਉਰਦੂ ਅਤੇ ਗੁਰਮੁੱਖੀ ਵਿੱਚ ਛਪਦਾ ਸੀ ਪਰ ਬਾਅਦ ਵਿੱਚ ਇਹ ਅਖ਼ਬਾਰ ਗੁਜਰਾਤੀ, ਹਿੰਦੀ, ਪਸ਼ਤੋ, ਮਰਾਠੀ, ਇੰਗਲਿਸ਼, ਜਰਮਨ ਅਤੇ ਫਰੈਂਚ ਭਾਸ਼ਾਵਾ ਵਿੱਚ ਵੀ ਛਾਇਆ ਹੋਣ ਲੱਗਾ । ਉਸ ਵਕਤ ਅਖ਼ਬਾਰਾਂ ਦੀ ਛਪਾਈ ਹੱਥਾਂ ਨਾਲ ਚੱਲਣ ਵਾਲ਼ੀਆਂ ਮਸ਼ੀਨਾਂ ਨਾਲ ਹੁੰਦੀ ਸੀ। ਇਹ ਪੇਪਰ ਸੈਨਫ੍ਰਾਂਸਿਸਕੋ ਵਿੱਚੋਂ ਛਾਇਆ ਹੁੰਦਾ ਸੀ । ਬਾਬਾ ਭਕਨਾ ਜੀ ਨੂੰ ਅੰਗਰੇਜ਼ ਹਕੂਮਤ ਨੇ 1914 ਵਿੱਚ ਕਲਕੱਤੇ ਵਿਖੇ ਫੜ ਲਿਆ ਅਤੇ ਲਾਹੌਰ ਸਾਜ਼ਿਸ਼ ਕੇਸ ਵਿੱਚ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਜੋ ਬਾਅਦ ਵਿੱਚ ਉਮਰ ਕੈਦ ਵਿੱਚ ਬਦਲ ਦਿੱਤੀ ਗਈ ।

ਬਾਬਾ ਜੀ ਨੂੰ ਪਹਿਲਾਂ ਲੁਧਿਆਣੇ ਅਤੇ ਫਿਰ ਕਾਲ਼ੇਪਾਣੀ ਭੇਜ ਦਿੱਤਾ। ਬਾਬਾ ਜੀ ਕਿਸਾਨਾਂ ਲਈ ਵੀ ਲੜੇ ਅਤੇ ਉਨ੍ਹਾਂ ਆਲ ਇੰਡੀਆ ਕਿਸਾਨ ਸਭਾ ਬਣਾਈ । ਉਹ ਕਮਿਊਨਿਸਟ ਪਾਰਟੀ ਆਫ ਇੰਡੀਆ ਨਾਲ ਵੀ ਸਰਗਰਮ ਰਹੇ। ਆਜ਼ਾਦੀ ਮਗਰੋਂ ਵੀ ਬਾਬਾ ਜੀ ਸਰਗਰਮ ਰਹੇ। ਦਸੰਬਰ 21,1968 ਨੂੰ ਬਾਬਾ ਜੀ ਬਿਮਾਰੀ ਕਾਰਨ ਸਦਾ ਲਈ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਗ਼ਦਰੀ ਬਾਬਿਆਂ ਦੀ ਯਾਦ ਵਿੱਚ ਹਰ ਸਾਲ ਜਲੰਧਰ ਵਿਖੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਇੱਕ ਮੇਲਾ ਲਗਦਾ ਹੈ ਜਿਥੇ ਵੱਡੀ ਗਿਣਤੀ ਵਿੱਚ ਲੋਕ ਵਿਦੇਸ਼ਾਂ ‘ਚੋਂ ਵੀ ਆਂਉਂਦੇ ਹਨ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button